
ਕੈਨੇਡਾ ਵਿਚ ਸਿੱਖ ਨੇ ਪੱਗ ਨਾਲ ਬਾਹਰ ਖਿੱਚੀਆਂ ਬਰਫ਼ੀਲੇ ਤਲਾਬ ਵਿਚ ਡੁਬ ਰਹੀਆਂ ਕੁੜੀਆਂ
ਕੈਲਗਰੀ, 2 ਨਵੰਬਰ : ਉਤਰ-ਪੂਰਬੀ ਕੈਲਗਰੀ (ਕੈਨੇਡਾ) ਵਿਚ ਇਕ ਬਰਫ਼ੀਲੇ ਤਲਾਬ ਵਿਚ ਡਿੱਗੀਆਂ ਦੋ ਕੁੜੀਆਂ ਦੀ ਜਾਨ ਸਿੱਖ ਨੇ ਅਪਣੀ ਪੱਗ ਨਾਲ ਬਚਾਈ। ਘਟਨਾ ਸ਼ੁਕਰਵਾਰ (ਕੈਨੇਡੀਅਨ ਸਮੇਂ ਮੁਤਾਬਕ) ਦੀ ਦਸੀ ਜਾ ਰਹੀ ਹੈ। ਜਦੋਂ ਦੋ ਲੜਕੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫ਼ੀਲੇ ਤਲਾਬ ਵਿਚ ਤਿਲਕ ਗਈਆਂ ਤੇ ਜਾਨ ਬਚਾਉਣ ਲਈ ਚੀਕਾਂ ਮਾਰਨ ਲਗੀਆਂ।
ਲੜਕੀਆਂ ਦੇ ਡਿੱਗਣ ਤੋਂ ਤੁਰਤ ਬਾਅਦ ਉਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ ਵਿਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ ਵਿਚ ਪਏ ਕੰਸਟਰਕਸ਼ਨ ਦੇ ਸਮਾਨ ਨਾਲ ਲੜਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰਤ ਅਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਬ ਵਿਚ ਸੁੱਟੀ ਤੇ ਲੜਕੀਆਂ ਨੂੰ ਬਾਹਰ ਖਿੱਚਣ ਲੱਗੇ। ਉੱਥੇ ਮੌਜੂਦ ਹੋਰਨਾਂ ਪੰਜਾਬੀਆਂ ਨੇ ਮੌਕੇ 'ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਪੱਗ ਨਾਲ ਲੜਕੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਿਸ ਦੀ ਸਾਰੀ ਵੀਡੀਉ ਤਲਾਬ ਦੇ ਸਾਹਮਣੇ ਦੇ ਘਰ ਵਿਚੋਂ ਇਕ ਪੰਜਾਬੀ ਨੇ ਅਪਣੇ ਫ਼ੋਨ ਵਿਚ ਕੈਦ ਕਰ ਲਈ। ਕੈਨੇਡੀਅਨ ਨਿਊਜ਼ ਵੈੱਬਸਾਈਟ ਨਾਲ ਗੱਲ ਕਰਦਿਆਂ ਘਟਨਾ ਦੀ ਵੀਡੀਉ ਬਣਾਉਣ ਵਾਲੇ ਪੰਜਾਬੀ ਕੁਲਨਿੰਦਰ ਬਾਂਗਰ ਨੇ ਕਿਹਾ ਕਿ ਉਸ ਦੀ ਬੇਟੀ ਨੇ ਲੜਕੀਆਂ ਦੇ ਤਲਾਬ ਵਿਚ ਡਿੱਗਣ ਬਾਰੇ ਉਸ ਨੂੰ ਦਸਿਆ ਤੇ ਉਸ ਨੇ ਤੁਰਤ ਅਪਣੇ ਫ਼ੋਨ ਵਿਚ ਸਿੱਖਾਂ ਵਲੋਂ ਲੜਕੀਆਂ ਨੂੰ ਬਚਾਉਣ ਦੀ ਵੀਡੀਉ ਰੀਕਾਰਡ ਕਰ ਲਈ। ਉਸ ਨੇ ਕਿਹਾ ਕਿ ਸਿੱਖ ਅਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਫਿਰ ਵੀ ਉਨ੍ਹਾਂ ਨੇ ਲੜਕੀਆਂ ਬਚਾਉਣ ਦੀ ਖ਼ਾਤਰ ਅਪਣੀ ਪੱਗ ਨੂੰ ਉਤਾਰ ਦਿਤਾ। (ਏਜੰਸੀ)
image
ਤਲਾਬ ਵਿਚੋਂ ਡੁਬ ਰਹੀਆਂ ਕੁੜੀਆਂ ਨੂੰ ਬਾਹਰ ਕਢਦੇ ਹੋਏ ਸਿੱਖ।