
ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਪੂਰਾ ਜ਼ੋਰ ਲਾਇਆ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਅਜੀਬ ਹਾਲਤ ਹੈ ਕਿ ਕਿਸਾਨੀ ਮੰਗਾਂ ਦੇ ਮਾਮਲੇ ਤੇ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਕਿਸੇ ਵੀ ਕੇਂਦਰੀ ਮੰਤਰੀ ਨੇ ਮਿਲਣ ਤੋਂ ਨਾਂਹ ਕਰ ਕੇ ਵਾਪਸ ਭੇਜ ਦਿਤਾ ਤੇ ਹੁਣ ਉਸੇ ਮਾਮਲੇ ਨੂੰ ਲੈ ਕੇ ਗੱਲਬਾਤ ਦੀ ਇੱਛਾ ਲੈ ਕੇ ਪੰਜਾਬ ਦੇ ਕਾਂਗਰਸੀ ਆਗੂ ਸਮੇਂ ਦੀ ਮੰਗ ਕਰ ਰਹੇ ਹਨ ਪਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ, ਕੋਈ ਕੇਂਦਰੀ ਵਜ਼ੀਰ ਵੀ ਪੰਜਾਬ ਦੇ ਲੀਡਰਾਂ ਨਾਲ ਗੱਲਬਾਤ ਦਾ ਸਮਾਂ ਦੇਣ ਲਈ ਵੀ ਤਿਆਰ ਨਹੀਂ ਲਗਦਾ।
Farmer Protest
ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਚਲਾਉਣ ਤੋਂ ਕੀਤੀ ਨਾਂਹ, ਪੇਂਡੂ ਵਿਕਾਸ ਫ਼ੰਡ 'ਤੇ ਲਾਈ ਰੋਕ ਆਦਿ ਮੁੱਦਿਆਂ ਨੂੰ ਲੈ ਕੇ ਹੁਣ ਸੂਬੇ ਦੇ ਕਾਂਗਰਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੀ ਹਦਾਇਤ ਤੋਂ ਬਾਅਦ ਕੇਂਦਰੀ ਰੇਲ ਤੇ ਵਿੱਤ ਮੰਤਰੀ ਨੂੰ ਮਿਲਣ ਲਈ ਕਈ ਦਿਨਾਂ ਤੋਂ ਪੰਜਾਬ ਦੇ ਕਾਂਗਰਸੀ ਸਾਂਸਦ ਦਿੱਲੀ ਗਏ ਹੋਏ ਹਨ ਪਰ ਉਨ੍ਹਾਂ ਨੂੰ ਕੇਂਦਰੀ ਮੰਤਰੀਆਂ ਨੇ ਹਾਲੇ ਤਕ ਮਿਲਣ ਦਾ ਸਮਾਂ ਹੀ ਨਹੀਂ ਦਿਤਾ।
Narendra Modi
ਇਸ ਤੋਂ ਬਾਅਦ ਇਨ੍ਹਾਂ ਕਾਂਗਰਸੀ ਸਾਂਸਦਾਂ ਨੇ ਇਕ ਮੀਟਿੰਗ ਕਰ ਕੇ ਹੁਣ ਪ੍ਰਧਾਨ ਮੰਤਰੀ ਨੂੰ ਹੀ ਸਿੱਧਾ ਮਿਲਣ ਦਾ ਫ਼ੈਸਲਾ ਕਰਨ ਤੋਂ ਬਾਅਦ ਉਨ੍ਹਾਂ ਤੋਂ ਸਮਾਂ ਮੰਗਿਆ ਹੈ। ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਜਾਣ-ਬੁਝ ਕੇ
ਨਾਂਹ ਪੱਖੀ ਰਵਈਆ ਅਪਣਾ ਕੇ ਟਕਰਾਅ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਕਿਸੇ ਤਰ੍ਹਾਂ ਫ਼ੇਲ੍ਹ ਹੋ ਸਕੇ।
Gurjeet Singh Aujla
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੋਸ਼ਿਸ਼ਾਂ ਕਰ ਕੇ ਕਿਸਾਨਾਂ ਨੂੰ ਅਪਣੇ ਮੰਤਰੀਆਂ ਦੀ ਕਮੇਟੀ ਰਾਹੀਂ ਸਮਝਾ ਕੇ ਰੇਲ ਟਰੈਕ ਮਾਲ ਗੱਡੀਆਂ ਲਈ ਖ਼ਾਲੀ ਕਰਵਾਏ ਹਨ ਪਰ ਕੇਂਦਰੀ ਰੇਲ ਮੰਤਰੀ ਬਿਨਾਂ ਕਾਰਨ ਰੇਲਾਂ ਨੂੰ ਸੁਰੱਖਿਆ ਦਾ ਦੁਹਾਈ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਅੱਜ ਤਕ ਰੇਲ ਪ੍ਰਾਪਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਾ, ਜਿਸ ਕਰ ਕੇ ਸੁਰੱਖਿਆ ਦਾ ਬਹਾਨਾ ਬਣਾਉਣਾ ਵਾਜਬ ਨਹੀਂ ਤੇ ਕੇਂਦਰ ਦੀ ਪੰਜਾਬ ਵਿਰੋਧੀ ਸੋਚ ਨੂੰ ਹੀ ਸਾਹਮਣੇ ਲਿਆਉਂਦਾ ਹੈ।
Captain Amrinder Singh
ਮੋਦੀ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ : ਡਿੰਪਾ
ਤਰਨਤਾਰਨ ਦੇ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ ਜਦਕਿ ਪੰਜਾਬੀ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ ਪਰ ਜੇ ਕੋਈ ਅੱਗਿਉਂ ਬਿਨਾਂ ਕਾਰਨ ਚੁਨੌਤੀ ਦੇਵੇ ਤਾਂ ਫਿਰ ਅਪਣੇ ਮਾਨ ਸਨਮਾਨ ਦੀ ਲੜਾਈ ਵੀ ਚੰਗੀ ਤਰ੍ਹਾਂ ਲੜਨਾ ਜਾਣਦੇ ਹਨ।
Jasbir Singh Dimpa
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪਣਾ ਅੜੀਅਲ ਰਵਈਆ ਛੱਡ ਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਨਣੀ ਚਾਹੀਦੀ ਹੈ ਅਤੇ ਗੱਡੀਆਂ ਆਦਿ ਰੋਕ ਕੇ ਪੰਜਾਬ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਡਿੰਪਾ ਦਾ ਕਹਿਣਾ ਹੈ ਕਿ ਉਹ ਇਸੇ ਲਈ ਕੇਂਦਰੀ ਮੰਤਰੀਆਂ ਨੂੰ ਮਿਲਣਾ ਚਾਹੁੰਦੇ ਹਨ ਤੇ ਹੁਣ ਪ੍ਰਧਾਨ ਮੰਤਰੀ ਤਕ ਵੀ ਪਹੁੰਚ ਕਰ ਰਹੇ ਹਨ।
Dr. Amar Singh
ਕੇਂਦਰ ਸਰਕਾਰ ਜਾਣ ਬੁਝ ਕੇ ਮਾਹੌਲ ਵਿਗਾੜਨਾ ਚਾਹੁੰਦੀ ਹੈ : ਡਾ. ਅਮਰ ਸਿੰਘ
ਫ਼ਤਿਹਗੜ੍ਹ ਸਾਹਿਬ ਦੇ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਦਾ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਮਾਹੌਲ ਵਿਗਾੜਨਾ ਚਾਹੁੰਦੀ ਹੈ ਜਦਕਿ ਪੰਜਾਬ ਵਿਚ ਪੂਰੀ ਤਰ੍ਹਾਂ ਅਮਨ ਸ਼ਾਂਤੀ ਹੈ। ਰੇਲਾਂ ਨਾ ਚਲਾਉਣ ਨਾਲ ਵਪਾਰ ਤੇ ਉਦਯੋਗ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਜਦਕਿ ਕਿਸਾਨਾਂ ਵਲੋਂ ਮਾਲ ਗੱਡੀਆਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ।