
ਪੰਜਾਬ ਅਤੇ ਹਰਿਆਣਾ 'ਚੋਂ ਵੱਡੀ ਗਿਣਤੀ ਵਕੀਲ ਦਿੱਲੀ ਮੋਰਚੇ 'ਚ ਕਿਸਾਨਾਂ ਨਾਲ ਡਟੇ
ਚੰਡੀਗੜ੍ਹ, 2 ਦਸੰਬਰ (ਨੀਲ ਭਲਿੰਦਰ ਸਿੰਘ): ਕੇਂਦਰ ਦੇ ਵਿਵਾਦਿਤ ਖੇਤੀ ਕਾਨੂੰਨਾਂ ਵਿਰੁਧ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ 'ਚ ਸੰਘਰਸ਼ਸ਼ੀਲ ਕਿਸਾਨਾਂ ਨੂੰ ਹੋਰਨਾਂ ਪੇਸ਼ੇਵਰ ਵਰਗਾਂ ਤੋਂ ਵੀ ਲਗਾਤਾਰ ਸਹਿਯੋਗ ਮਿਲ ਰਿਹਾ ਹੈ। ਜਿਸ ਤਹਿਤ ਪੰਜਾਬ ਅਤੇ ਹਰਿਆਣਾ 'ਚੋਂ ਵੱਡੀ ਗਿਣਤੀ ਵਕੀਲ ਵੀ ਅੱਜ ਕਿਸਾਨਾਂ ਨਾਲ ਦਿੱਲੀ ਪਹੁੰਚ ਕੇ ਮੋਰਚੇ 'ਚ ਡਟ ਗਏ। ਇਨ੍ਹਾਂ ਵਿਚ ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਮਵਰ ਵਕੀਲ ਹਰਚਰਨ ਸਿੰਘ ਬਾਠ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਟੈਲੀਫ਼ੋਨ ਉੱਤੇ ਉਚੇਚੇ ਤੌਰ ਉੱਤੇ ਗੱਲ ਕੀਤੀ।
ਐਡਵੋਕੇਟ ਬਾਠ ਨੇ ਕਿਹਾ ਹਾਲਾਂਕਿ ਉਨ੍ਹਾਂ ਦਾ ਦਿੱਲੀ ਆਉਣ ਦਾ ਮਨਸ਼ਾ ਕਿਸਾਨਾਂ ਦੀ ਅਗਵਾਈ ਵਿਚ ਹੀ ਇਸ ਮੋਰਚੇ 'ਚ ਅਪਣੀ ਭੂਮਿਕਾ ਪਾਉਣਾ ਹੈ। ਪਰ ਉਹ ਕਾਨੂੰਨੀ ਤੌਰ ਉੱਤੇ ਵੀ ਕਿਸਾਨਾਂ ਨੂੰ ਹਰ ਸੰਭਵ ਤੋਂ ਸੰਭਵ ਸਹਾਇਤਾ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੇ ਨਾਲ ਪੁੱਜੇ ਡੇਰਾਬਸੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਦੇਸ਼ ਦਾ ਕਿਸਾਨ ਸੜਕਾਂ ਉੱਤੇ ਹੈ ਤਾਂ ਹੋਰ ਪੇਸ਼ੇਵਰ ਵਰਗ ਦੇ ਲੋਕ ਕਿੰਜ ਅਪਣੇ ਘਰਾਂ ਵਿਚ ਆਰਾਮ ਦੀ ਨੀਂਦ ਸੌਂ ਸਕਦੇ ਹਨ। ਦਸਿਆ ਗਿਆ ਕਿ ਦੋ ਦਰਜਨ ਦੇ ਕਰੀਬ ਵਕੀਲ ਇਸ ਵਫ਼ਦ ਵਿਚ ਦਿੱਲੀ ਪੁੱਜੇ ਹਨ ਜੋ ਕਿ ਗਾਹੇ ਬਗਾਹੇ ਸੰਘਰਸ਼ਸ਼ੀਲ ਕਿਸਾਨਾਂ ਖਾਸਕਰ ਨੌਜਵਾਨਾਂ ਨੂੰ ਵਿਵਾਦਿਤ ਕਾਨੂੰਨਾਂ ਦੇ ਕਾਨੂੰਨੀ ਪਹਿਲੂਆਂ ਤੋਂ ਵੀ ਡੂੰਘਾਈ ਨਾਲ ਜਾਣੂ ਕਰਵਾ ਰਹੇ ਹਨ। rਬਾਕੀ ਸਫ਼ਾ 11 'ਤੇ
ਮੁਹਾਲੀ ਬਾਰ ਐਸੋਸੀਏਸ਼ਨ ਨਾਲ ਸਬੰਧਤ ਐਡਵੋਕੇਟ ਅਮਰਦੀਪ ਸਿੰਘ ਲੌਂਗੀਆਂ ਲੌਂਗੀਆ ਵੀ ਦਿੱਲੀ ਪੁੱਜੇ ਹਨ। ਲੌਂਗੀਆਂ ਨੇ ਦੱਸਿਆ ਕਿ ਮੀਡੀਆ ਦਾ ਇਕਪਾਸੜ ਵਰਗ ਕਾਨੂੰਨੀ ਤੌਰ ਉੱਤੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਔਖੇ ਸਵਾਲਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਵਕੀਲਾਂ ਨੇ ਕਿਹਾ ਕਿ ਉਹ ਵੀ ਮੁੱਢਲੇ ਤੌਰ ਤੇ ਕਿਸਾਨ ਹਨ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਇਨ੍ਹਾਂ ਵਿਵਾਦਤ ਕਾਨੂੰਨਾਂ ਵਿਚਲੀਆਂ ਧੱਕੇਸ਼ਾਹੀਆਂ ਤੇ ਤਰੁੱਟੀਆਂ ਬਾਰੇ ਕਿਸਾਨਾਂ ਦਾ ਪੱਖ ਜਾਣਨ ਲਈ ਮੀਡੀਆ ਦਾ ਕੋਈ ਵੀ ਵਰਗ ਉਨ੍ਹਾਂ ਨਾਲ ਜਿੱਥੇ ਮਰਜ਼ੀ ਬਹਿਸ ਮੁਸਾਹਬਾ ਕਰ ਸਕਦਾ ਹੈ।
ਤਸਵੀਰ - ਦਿੱਲੀ ਚ ਕਿਸਾਨਾਂ ਨਾਲ ਖੜ੍ਹੇ ਪੰਜਾਬ ਸੌਂ ਗਏ ਵਕੀਲ
image