
ਨਸ਼ਿਆਂ ਦਾ ਮਾਮਲਾ : ਰੀਆ ਦੇ ਭਰਾ ਸ਼ੌਵਿਕ ਨੂੰ ਮਿਲੀ ਜ਼ਮਾਨਤ
ਮੁੰਬਈ, 2 ਦਸੰਬਰ: ਮੁੰਬਈ ਦੀ ਇਕ ਅਦਾਲਤ ਨੇ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਬੁਧਵਾਰ ਨੂੰ ਜ਼ਮਾਨਤ ਦੇ ਦਿਤੀ ਹੈ। ਸ਼ੌਵਿਕ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਿਆਂ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸਤੰਬਰ ਵਿਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਸ਼ੌਵਿਕ ਨੂੰ ਗ੍ਰਿਫ਼ਤਾਰ ਕੀਤਾ ਸੀ।
ਵਿਸ਼ੇਸ਼ ਐਨਡੀਪੀਐਸ ਅਦਾਲਤ ਦੇ ਜੱਜ ਜੀਬੀ ਗੁਰਾਵ ਨੇ ਸ਼ੌਵਿਕ ਨੂੰ 50,000 ਰੁਪਏ ਦੇ ਨਿਜੀ ਮੁਚਲਕੇ 'ਤੇ ਬੁਧਵਾਰ ਨੂੰ ਜ਼ਮਾਨਤ ਦੇ ਦਿਤੀ।
ਅਪਣੀ ਜ਼ਮਾਨਤ ਪਟੀਸ਼ਨ ਵਿਚ ਸ਼ੌਵਿਕ ਨੇ ਸੁਪਰੀਮ ਕੋਰਟ ਦੇ ਇਕ ਤਾਜ਼ਾ ਫ਼ੈਸਲੇ ਦਾ ਜ਼ਿਕਰ ਕੀਤਾ, ਜਿਸ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਐਨਸੀਬੀ ਅਧਿਕਾਰੀਆਂ ਦੇ ਸਾਹਮਣੇ ਦਿਤੇ ਇਕਬਾਲੀਆ ਬਿਆਨ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ। ਸ਼ੌਵਿਕ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿਚ ਫਸਾਇਆ ਗਿਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ ਸਬੰਧਤ ਕੇਸ ਵਿਚ ਜ਼ਮਾਨਤ ਵੀ ਦੇ ਦਿਤੀ ਸੀ। (ਪੀਟੀਆਈ)