
ਕਿਸਾਨ ਹਿਤੈਸ਼ੀ ਵਿਧਾਇਕ ਜ਼ਮੀਰ ਦੀ ਆਵਾਜ਼ ਸੁਣਨ ਅਤੇ ਕਿਸਾਨਾਂ ਦਾ ਸਮਰਥਨ ਕਰਨ: ਸ਼ੈਲਜਾ
ਨਵੀਂ ਦਿੱਲੀ/ਚੰਡੀਗੜ੍ਹ, 2 ਦਸੰਬਰ : ਕਾਂਗਰਸ ਦੀ ਹਰਿਆਣਾ ਇਕਾਈ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਬੁਧਵਾਰ ਨੂੰ ਕਿਹਾ ਕਿ ਰਾਜ ਦੀ ਸੱਤਾਧਾਰੀ ਜਨਨਾਇਕ ਜਨਤਾ ਪਾਰਟੀ (ਜੇਜੇਪੀ), ਆਜ਼ਾਦ ਉਮੀਦਵਾਰ ਅਤੇ ਭਾਜਪਾ ਦੇ ਕਿਸਾਨ ਹਿਤੈਸ਼ੀ ਵਿਧਾਇਕ ਅਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਮਨੋਹਰ ਲਾਲ ਖੱਟਰ ਸਰਕਾਰ ਦਾ ਸਾਥ ਛੱਡ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਰਕਾਰ 'ਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ।
ਸਾਬਕਾ ਕੇਂਦਰੀ ਮੰਤਰੀ ਸ਼ੈਲਾਜਾ ਨੇ ਇਕ ਬਿਆਨ ਵਿਚ ਕਿਹਾ ਕਿ ਜੇਜੇਪੀ ਵਲੋਂ ਖੇਤੀਬਾੜੀ ਕਾਨੂੰਨਾਂ ਬਾਰੇ ਦਿਤਾ ਬਿਆਨ ਮਹਿਜ਼ ਇਕ ਪ੍ਰਦਰਸ਼ਨ ਹੈ।
ਜੇਜੇਪੀ, ਜਿਸ ਨੇ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੁਧ ਵੋਟਾਂ ਮੰਗ ਕੇ 10 ਸੀਟਾਂ ਜਿੱਤੀਆਂ ਸਨ, ਨੇ ਪਿਛਲੇ ਸਾਲ ਭਾਜਪਾ ਦਾ ਸਮਰਥਨ ਕਰਦਿਆਂ ਰਾਜ ਦੇ ਲੋਕਾਂ ਨਾਲ ਧੋਖਾ ਕੀਤਾ ਸੀ। ਜੇਜੇਪੀ ਕੋਲ ਅੱਜ ਇਕ ਮੌਕਾ ਹੈ ਕਿ ਉਹ ਇਸ ਹਰਿਆਣਾ ਸਰਕਾਰ ਤੋਂ ਅਪਣਾ ਸਮਰਥਨ ਵਾਪਸ ਲੈਣ ਅਤੇ ਹਰਿਆਣਾ ਦੇ ਲੋਕਾਂ ਦੇ ਹੱਕ ਵਿਚ ਖੜੇ ਹੋਣ ਅਤੇ ਇਸ ਫ਼ੈਸਲਾਕੁਨ ਲੜਾਈ ਵਿਚ ਕਿਸਾਨਾਂ ਦਾ ਸਮਰਥਨ ਕਰਨ।
ਸੈਲਜਾ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਰਾਜ ਦੀ ਭਾਜਪਾ ਸਰਕਾਰ ਸੱਤਾ ਦੇ ਹੰਕਾਰ ਵਿਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਭਾਜਪਾ ਸਰਕਾਰ ਦਿਨ ਰਾਤ ਅਪਣੇ ਸਰਮਾਏਦਾਰ ਦੋਸਤਾਂ ਬਾਰੇ ਹੀ ਸੋਚਦੀ ਹੈ। ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਹਰਿਆਣਾ ਰਾਜ ਦੇ ਕਿਸਾਨਾਂ ਨੇ ਸਰਕਾਰ ਦੀ ਸਾਜ਼ਸ਼ ਦੀ ਪਛਾਣ ਕੀਤੀ ਹੈ। (ਪੀਟੀਆਈ)