
ਸਰਕਾਰ ਖੇਤੀਬਾੜੀ ਵਿਰੋਧੀ 'ਕਾਲੇ ਕਾਨੂੰਨਾਂ' ਨੂੰ ਤੁਰਤ ਖ਼ਤਮ ਕਰੇ : ਰਾਹੁਲ ਗਾਂਧੀ
ਨਵੀਂ ਦਿੱਲੀ, 2 ਦਸੰਬਰ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਗੱਲਬਾਤ ਦਾ ਧੋਖਾ ਬੰਦ ਕਰ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰਤ ਖ਼ਤਮ ਕਰੇ।
ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਿਸਾਨਾਂ ਦੀ ਆਮਦਨ ਅੱਧੀ ਰਹਿ ਗਈ ਹੈ, ਪਰ ਸਰਕਾਰ ਦੇ 'ਮਿੱਤਰਾਂ' ਦੀ ਆਮਦਨੀ ਚੌਗੁਣੀ ਹੋ ਗਈ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ ਕਿ ਮੋਦੀ ਸਰਕਾਰ, ਕਿਸਾਨਾਂ ਨੂੰ ਜੁਮਲੇ ਦੇਣਾ ਬੰਦ ਕਰੇ। ਬੇਈਮਾਨੀ ਅਤਿਆਚਾਰ ਬੰਦ ਕਰੇ। ਗੱਲਬਾਤ ਦਾ ਧੋਖਾ ਬੰਦ ਕਰੇ। ਕਿਸਾਨ-ਮਜ਼ਦੂਰ ਵਿਰੋਧੀ ਤਿੰਨਾਂ ਕਾਲੇ ਕਾਨੂੰਨਾਂ ਨੂੰ ਤੁਰਤ ਖ਼ਤਮ ਕਰੇ। ਕਿਸਾਨਾਂ ਦੇ ਪ੍ਰਦਰਸ਼ਨ ਦਾ ਇਕ ਵੀਡੀਉ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਹਾ ਗਿਆ ਸੀ ਕਿ ਕਿਸਾਨਾਂ ਦੀ ਆਮਦਨ ਦੁਗਣੀ ਹੋਵੇਗੀ ਪਰ 'ਮਿੱਤਰਾਂ' ਦੀ ਆਮਦਨ ਚੌਗੁਣੀ ਅਤੇ ਕਿਸਾਨ ਦੀ ਅੱਧੀ ਰਹਿ ਗਈ ਹੈ। (ਪੀਟੀਆਈ)