
ਵੰਡ ਪ੍ਰਕਿਰਿਆ ਸਬੰਧੀ ਨੀਤੀ ਘੜਨ ਉਤੇ ਕੰਮ ਕਰ ਰਿਹੈ ਪੰਜਾਬ ਯੂਥ ਡਿਵੈਲਪਮੈਂਟ ਬੋਰਡ
ਚੰਡੀਗੜ/ਮੁਹਾਲੀ - “ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦੀ ਵੰਡ ਛੇਤੀ ਸ਼ੁਰੂ ਕਰੇਗਾ।” ਇਹ ਖੁਲਾਸਾ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿੱਚ ਹੋਈ ਇਕ ਮੀਟਿੰਗ ਦੌਰਾਨ ਬੋਰਡ ਦੇ ਚੇਅਰਮੈਨ ਇੰਜ. ਸੁਖਵਿੰਦਰ ਸਿੰਘ ਬਿੰਦਰਾ ਨੇ ਕੀਤਾ।
Sports kits distribution to youth clubs soon: Bindra
ਇੰਜ. ਬਿੰਦਰਾ ਨੇ ਕਿਹਾ ਕਿ ਇਸ ਮੀਟਿੰਗ ਦਾ ਮੰਤਵ ਸੂਬੇ ਭਰ ਦੇ ਸਰਗਰਮ ਯੂਥ ਕਲੱਬਾਂ ਦੀ ਤਲਾਸ਼ ਕਰਨਾ ਅਤੇ ਉਨਾਂ ਨੂੰ ਖੇਡ ਕਿੱਟਾਂ ਦੀ ਵੰਡ ਲਈ ਯੋਜਨਾ ਬਣਾਉਣਾ ਹੈ। ਮੀਟਿੰਗ ਦੌਰਾਨ ਚੇਅਰਮੈਨ ਨੇ ਯੂਥ ਕਲੱਬਾਂ, ਰੈੱਡ ਰਿਬਨ ਕਲੱਬਾਂ ਅਤੇ ਜ਼ਿਲਾ ਐਸ.ਏ.ਐਸ. ਨਗਰ ਦੀਆਂ ਐਨ.ਐਸ.ਐਸ. ਯੂਨਿਟਾਂ ਨਾਲ ਮੁਲਾਕਾਤ ਕੀਤੀ ਤੇ ਉਨਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਜਾਣੂੰ ਕਰਵਾਉਂਦਿਆਂ ਸਵਾਲਾਂ ਦੇ ਜਵਾਬ ਵੀ ਦਿੱਤੇ।
ਉਨਾਂ ਕਿਹਾ ਕਿ ਬੋਰਡ ਤੇ ਖੇਡ ਵਿਭਾਗ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਰਾਜ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਲਾਉਣ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਚੇਅਰਪਰਸਨ ਨੇ ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲਿਆਂ ਦਾ ਦੌਰਾ ਕਰਨ ਦਾ ਐਲਾਨ ਕੀਤਾ ਅਤੇ ਅੱਜ ਇਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਐਸ.ਏ.ਐਸ. ਨਗਰ ਜ਼ਿਲੇ ਤੋਂ ਕੀਤੀ ਗਈ।ਮੀਟਿੰਗ ਦੌਰਾਨ ਯੂਥ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਤੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਆਪਣੇ ਵਿਭਾਗ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
Sports kits distribution to youth clubs soon: Bindra
ਮੀਟਿੰਗ ਦੌਰਾਨ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੋਗਰਾਮ ਅਫ਼ਸਰ ਮਨਿੰਦਰ ਸਿੰਘ ਤੇ ਜਗਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਦੇ ਪ੍ਰੋਗਰਾਮ ਅਫ਼ਸਰ ਬਲਦੀਪ ਕੌਰ, ਸ਼ਿਵਾਲਿਕ ਇੰਸਟੀਚਿਊਟ ਆਫ਼ ਐਜੂਕੇਸ਼ਨ ਤੇ ਰਿਸਰਚ ਦੇ ਨੋਡਲ ਅਫ਼ਸਰ ਸੀਮਾ ਮਲਿਕ ਅਤੇ ਸਰਕਾਰੀ ਕਾਲਜ ਮੁਹਾਲੀ ਦੇ ਨੋਡਲ ਅਫ਼ਸਰ ਮਨੀਸ਼ਾ ਮਹਾਜਨ ਹਾਜ਼ਰ ਸਨ।