
‘ਕਾਂਗਰਸ ਲੀਡਰਸ਼ਿਪ ਕਿਸੇ ਇਕ ਵਿਅਕਤੀ ਦੀ ਜਾਗੀਰ ਨਹੀਂ’
ਨਵੀਂ ਦਿੱਲੀ, 2 ਨਵੰਬਰ : ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਲੀਡਰਸ਼ਿਪ ’ਤੇ ਹਮਲੇ ਬੋਲ ਰਹੇ ਹਨ। ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਤਿ੍ਰਣਾਮੂਲ ਕਾਂਗਰਸ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਵੀਰਵਾਰ ਨੂੰ ਇਕ ਟਵੀਟ ਕਰ ਕੇ ਮਜ਼ਬੂਤ ਵਿਰੋਧੀ ਧਿਰ ਦੀ ਅਗਵਾਈ ਨੂੰ ਲੈ ਕੇ ਕਾਂਗਰਸ ਦੀ ਕਥਿਤ ਦਾਅਵੇਦਾਰੀ ’ਤੇ ਸਵਾਲ ਚੁਕੇ ਹਨ।
ਉਨ੍ਹਾਂ ਲਿਖਿਆ,“ਕਾਂਗਰਸ ਜਿਸ ਵਿਚਾਰ ਅਤੇ ਸਥਾਨ ਦੀ ਨੁਮਾਇੰਦਗੀ ਕਰਦੀ ਹੈ, ਉਹ ਮਜ਼ਬੂਤ ਵਿਰੋਧੀ ਧਿਰ ਲਈ ਮਹੱਤਵਪੂਰਨ ਹੈ ਪਰ ਕਾਂਗਰਸ ਲੀਡਰਸ਼ਿਪ ਇਕ ਵਿਅਕਤੀ ਦੀ ਜਾਗੀਰ ਨਹੀਂ ਹੋਣੀ ਚਾਹੀਦੀ, ਖਾਸ ਕਰ ਕੇ ਉਦੋਂ ਜਦੋਂ ਪਾਰਟੀ ਪਿਛਲੇ 10 ਸਾਲਾਂ ਵਿਚ ਅਪਣੀਆਂ 90 ਫ਼ੀ ਸਦੀ ਚੋਣਾਂ ਹਾਰ ਚੁਕੀ ਹੈ। ਵਿਰੋਧੀ ਧਿਰ ਦੀ ਲੀਡਰਸ਼ਿਪ ਦੀ ਚੋਣ ਲੋਕਤੰਤਰੀ ਢੰਗ ਨਾਲ ਕੀਤੀ ਜਾਵੇ।’’
ਪ੍ਰਸ਼ਾਂਤ ਕਿਸ਼ੋਰ ਨੇ ਕੁਝ ਸਮਾਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਵੀ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ‘ਕਈ ਦਹਾਕਿਆਂ ਤਕ’ ਕਿਤੇ ਵੀ ਨਹੀਂ ਜਾਣ ਵਾਲੀ ਅਤੇ ਰਾਹੁਲ ਗਾਂਧੀ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਇਸ ਦਾ ਅਹਿਸਾਸ ਨਹੀਂ ਹੈ। ਸੋਸ਼ਲ ਮੀਡੀਆ ’ਤੇ ਹਾਲ ਹੀ ਦੇ ਇਕ ਸਵਾਲ-ਜਵਾਬ ਸੈਸ਼ਨ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਜਪਾ ਆਉਣ ਵਾਲੇ ਸਾਲਾਂ ਵਿਚ ਭਾਰਤੀ ਰਾਜਨੀਤੀ ਦੇ ਕੇਂਦਰ ’ਚ ਰਹੇਗੀ, ਭਾਵੇਂ ਉਹ ਜਿੱਤੇ ਜਾਂ ਹਾਰੇ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਸ਼ੁਰੂਆਤੀ 40 ਸਾਲਾਂ ਵਿਚ ਕਾਂਗਰਸ ਸੀ।
ਉਨ੍ਹਾਂ ਕਿਹਾ ਸੀ ਕਿ ਰਾਹੁਲ ਸੋਚਦੇ ਹਨ ਕਿ ਇਹ ਸਿਰਫ ਕੁਝ ਸਮੇਂ ਦੀ ਗੱਲ ਹੈ ਅਤੇ ਲੋਕ ਉਨ੍ਹਾਂ (ਭਾਜਪਾ) ਨੂੰ ਉਧੇੜ ਸੁੱਟਣਗੇ। ਅਜਿਹਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਜਦੋਂ ਤਕ ਤੁਸੀਂ ਮੁਲਾਂਕਣ ਨਹੀਂ ਕਰਦੇ। ਤੁਸੀਂ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਦੀ ਤਾਕਤ ਨੂੰ ਨਹੀਂ ਸਮਝ ਸਕੋਗੇ। (ਪੀਟੀਆਈ)