
‘ਆਪ’ ਦਾ ਸਰਗਰਮ ਆਗੂ ਸੀ ਮ੍ਰਿਤਕ
AAP Leader Death News: ਜਲੰਧਰ ਦੇ ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਇਕ ਸਰਗਰਮ ਆਗੂ ਦੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਜਲੰਧਰ ਦੇ ਨਕੋਦਰ ਸਦਰ ਥਾਣਾ ਦੇ ਪਿੰਡ ਗਿੱਲ ਦੇ ਰਹਿਣ ਵਾਲੇ ਸੁਖਬੀਰ ਸਿੰਘ (28) ਦੀ ਕਾਰ 'ਚੋਂ ਲਾਸ਼ ਬਰਾਮਦ ਹੋਈ ਹੈ। ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੌਰਾਨ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬੀਤੇ ਦਿਨ ਪਿੰਡ ਡੱਲਾ, ਸੁਲਤਾਨਪੁਰ ਲੋਧੀ, ਕਪੂਰਥਲਾ ਵਿਖੇ ਕਿਸੇ ਜਾਣਕਾਰ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ ਪਰ ਸੁਖਬੀਰ ਦੀ ਲਾਸ਼ ਕਪੂਰਥਲਾ ਦੇ ਭੁਲੱਥ ਨੇੜੇ ਉਨ੍ਹਾਂ ਦੀ ਕਾਰ ਵਿਚੋਂ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੁਲੱਥ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਭੁਲੱਥ ਦੇ ਐਸ.ਐਚ.ਓ. ਹਰਜਿੰਦਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਕਿਸੇ ਰਾਹਗੀਰ ਨੇ ਦੇਖਿਆ ਕਿ ਉਕਤ ਵਿਅਕਤੀ ਦੀ ਕਾਰ ਸੜਕ ਤੋਂ ਹੇਠਾਂ ਜਾ ਚੁੱਕੀ ਸੀ। ਨੇੜੇ ਜਾ ਕੇ ਦੇਖਿਆ ਕਿ ਕਾਰ ਖੇਤਾਂ ਵੱਲ ਜਾਂਦੀ ਕੱਚੀ ਸੜਕ 'ਤੇ ਖੜ੍ਹੀ ਕਾਰ 'ਚ ਇਕ ਬੇਹੋਸ਼ ਵਿਅਕਤੀ ਬੈਠਾ ਸੀ | ਜਿਸ ਤੋਂ ਬਾਅਦ ਰਾਹਗੀਰਾਂ ਵਲੋਂ ਸੁਖਬੀਰ ਦੇ ਫੋਨ ਦੀ ਤਲਾਸ਼ੀ ਲਈ ਗਈ ਅਤੇ ਉਸ ਦੇ ਘਰ ਫੋਨ ਕੀਤਾ ਗਿਆ।
ਥਾਣਾ ਭੁਲੱਥ ਦੇ ਐਸਐਚਓ ਹਰਜਿੰਦਰ ਸਿੰਘ ਨੇ ਦਸਿਆ ਕਿ ਰਾਹਗੀਰਾਂ ਨੇ ਸੁਖਬੀਰ ਨੂੰ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ। ਐਸਐਚਓ ਹਰਜਿੰਦਰ ਸਿੰਘ ਨੇ ਦਸਿਆ ਕਿ ਫਿਲਹਾਲ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰੀਪੋਰਟ ਵਿਚ ਆਵੇਗਾ। ਜਲਦੀ ਹੀ ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ।
(For more news apart from AAP leader dies under suspicious circumstances, stay tuned to Rozana Spokesman)