ਬਾਲ ਭਲਾਈ ਕੌਂਸਲ, ਪੰਜਾਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਲੀਕੇ ਇਤਰਾਜ਼ਯੋਗ ਸਮਾਗਮਾਂ ਨੂੰ ਤੁਰੰਤ ਕਰੇ ਰੱਦ: ਜਥੇਦਾਰ ਗੜਗੱਜ
Published : Dec 3, 2025, 4:34 pm IST
Updated : Dec 3, 2025, 4:34 pm IST
SHARE ARTICLE
Child Welfare Council immediately cancel objectionable events dedicated to the Martyrdom Day of Punjab Sahibzadas
Child Welfare Council immediately cancel objectionable events dedicated to the Martyrdom Day of Punjab Sahibzadas

ਕੇਂਦਰ ਸਰਕਾਰ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ “ਵੀਰ ਬਾਲ ਦਿਵਸ” ਦਾ ਨਾ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਵਜੋਂ ਐਲਾਨੇ- ਜਥੇਦਾਰ ਗੜਗੱਜ

ਸ੍ਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤੀ ਬਾਲ ਭਲਾਈ ਕੌਂਸਲ ਨਾਲ ਸਬੰਧਤ ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰ ਉੱਤੇ ਉਲੀਕੇ ਗਏ ਇਤਰਾਜ਼ਯੋਗ ਫੈਂਸੀ ਡਰੈੱਸ ਮੁਕਾਬਲੇ ਦੇ ਸਮਾਗਮਾਂ ਦਾ ਸਖ਼ਤ ਨੋਟਿਸ ਲੈਂਦਿਆਂ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਗੱਲ ਹੈ ਕਿ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰਾਂ ਅੰਦਰ ਸਿੱਖ ਸਰੋਕਾਰਾਂ, ਸਿਧਾਂਤਾਂ ਅਤੇ ਰਵਾਇਤਾਂ ਪ੍ਰਤੀ ਕੋਈ ਸੰਜੀਦਗੀ ਤੇ ਸਮਝ ਨਹੀਂ ਹੈ ਜਿਸ ਕਰਕੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਆਪਹੁਦਰੀ ਅਤੇ ਸਿੱਖ ਵਿਰੋਧੀ ਗਤੀਵਿਧੀਆਂ ਦੇ ਆਦੇਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲ ਭਲਾਈ ਕੌਂਸਲ, ਪੰਜਾਬ ਦਾ ਮਿਤੀ 12 ਨਵੰਬਰ 2025 ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਪ੍ਰਧਾਨਾਂ ਨੂੰ ਜਾਰੀ ਕੀਤਾ ਆਦੇਸ਼ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ ਜਿਸ ਤੋਂ ਇਹ ਸਪੱਸ਼ਟ ਹੋਇਆ ਕਿ ਕੌਂਸਲ ਵੱਲੋਂ ਪੰਜਾਬ ਅੰਦਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਸ਼ਿਆਂ ਉੱਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਉਣ ਲਈ ਆਖਿਆ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਇਸ ਗੱਲ ਦੀ ਸਮਝ, ਜਾਗਰੂਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਚਾਰ ਸਾਹਿਬਜ਼ਾਦਿਆਂ, ਸਿੱਖ ਸ਼ਹੀਦਾਂ ਦੀਆਂ ਨਕਲਾਂ ਉੱਤੇ ਮੁਕੰਮਲ ਤੌਰ ਉੱਤੇ ਰੋਕ ਹੈ ਅਤੇ ਅਜਿਹਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਫੈਂਸੀ ਡਰੈੱਸ ਮੁਕਾਬਲੇ ਰਾਹੀਂ ਉਹ ਬੱਚਿਆਂ ਨੂੰ ਸਿੱਖ ਸਿਧਾਂਤਾਂ ਦੇ ਉਲਟ ਜਾ ਕੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਦੇ ਕੇ ਕਿਵੇਂ ਸ਼ਰਧਾ ਤੇ ਸਤਿਕਾਰ ਭੇਟ ਕਰੇਗੀ ਜਦਕਿ ਅਜਿਹਾ ਕਰਨ ਨਾਲ ਤਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਰਵਾਇਤਾਂ ਅਤੇ ਸਿਧਾਂਤਾਂ ਅਨੁਸਾਰ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਾਹਿਬਜ਼ਾਦਿਆਂ ਦੀ ਨਕਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਨਾਲ ਸਬੰਧਤ ਇਤਿਹਾਸ ਅਟੱਲ ਸੱਚ ਹੈ, ਜੋ ਸਰਕਾਰ ਵੱਲੋਂ ਉਲੀਕੇ ਫੈਂਸੀ ਡਰੈੱਸ ਮੁਕਾਬਲੇ ਰਾਹੀਂ ਪ੍ਰਚਾਰ ਦਾ ਮੁਥਾਜ ਨਹੀਂ ਹੈ।

ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਬਾਲ ਭਲਾਈ ਕੌਂਸਲ, ਪੰਜਾਬ ਨਾਲ ਲਿਖਾ-ਪੜ੍ਹੀ ਕਰਕੇ ਉਨ੍ਹਾਂ ਵੱਲੋਂ ਉਲੀਕੇ ਗਏ ਇਤਰਾਜ਼ਯੋਗ ਸਮਾਗਮ ਤੁਰੰਤ ਰੱਦ ਕਰਵਾਏ ਜਾਣ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੇਸ਼ ਭਰ ਅੰਦਰ ਸ਼ਹੀਦੀ ਦਿਹਾੜਾ ਮਨਾਉਣਾ ਭਾਵੇਂ ਕਿ ਚੰਗਾ ਉਪਰਾਲਾ ਹੈ ਪਰ ਸਰਕਾਰ ਨੂੰ ਇਸ ਦਿਹਾੜੇ ਦਾ ਨਾਮ “ਵੀਰ ਬਾਲ ਦਿਵਸ” ਦੀ ਥਾਂ ਸਿੱਖ ਭਾਵਨਾਵਾਂ ਅਨੁਸਾਰ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਵਜੋਂ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖ ਭਾਵਨਾਵਾਂ, ਸਿਧਾਂਤਾਂ ਅਤੇ ਸ਼ਬਦਾਵਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਨਾ ਕਿ ਆਪਣੇ ਵੱਲੋਂ ਦਿੱਤੀ ਗਈ ਸ਼ਬਦਾਵਲੀ ਨੂੰ ਸਿੱਖਾਂ ਉੱਤੇ ਥੋਪਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ “ਵੀਰ ਬਾਲ ਦਿਵਸ” ਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਨਹੀਂ ਹੈ, ਇਸ ਲਈ ਦੇਸ਼ ਦੁਨੀਆ ਅੰਦਰ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾ ਜਾਂ ਜਥੇਬੰਦੀ ਇਸ ਨਾਮ ਹੇਠ ਸਮਾਗਮ ਨਾ ਉਲੀਕੇ ਬਲਕਿ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਨਾਮ ਦੀ ਵਰਤੋਂ ਹੀ ਕੀਤੀ ਜਾਵੇ। ਜਥੇਦਾਰ ਗੜਗੱਜ ਨੇ ਇਸ ਮਾਮਲੇ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਕਿ ਕੇਂਦਰ ਸਰਕਾਰ ਨਾਲ ਉੱਚ-ਪੱਧਰੀ ਵਫ਼ਦ ਰਾਹੀਂ ਗੱਲਬਾਤ ਕਰਕੇ ਇਹ ਨਾਮ ਬਦਲਵਾਉਣ ਲਈ ਪੁਰਜ਼ੋਰ ਯਤਨ ਕੀਤੇ ਜਾਣ। ਜਥੇਦਾਰ ਗੜਗੱਜ ਨੇ ਦੇਸ਼ ਦੇ ਸਮੂਹ ਸਿੱਖ ਸਾਂਸਦਾਂ ਨੂੰ ਵੀ ਆਖਿਆ ਕਿ ਉਹ ਕੇਂਦਰ ਸਰਕਾਰ ਉੱਤੇ ਵੀਰ ਬਾਲ ਦਿਵਸ ਦੇ ਨਾਮ ਨੂੰ ਬਦਲਣ ਲਈ ਸੰਸਦ ਅੰਦਰ ਦਬਾਅ ਪਾਉਣ।

ਜਥੇਦਾਰ ਗੜਗੱਜ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਸਖ਼ਤੀ ਨਾਲ ਚੇਤਾਵਨੀ ਦਿੱਤੀ ਕਿ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਜਾਂ ਸਕੂਲ ਅੰਦਰ ਬਾਲ ਵਿਕਾਸ ਕੌਂਸਲ ਦੇ ਆਦੇਸ਼ ਅਨੁਸਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਸ਼ਿਆਂ ਸਬੰਧੀ ਫੈਂਸੀ ਡਰੈੱਸ ਮੁਕਾਬਲੇ ਨਾ ਕਰਵਾਏ ਜਾਣ। ਉਨ੍ਹਾਂ ਪੰਜਾਬ ਸਰਕਾਰ ਨੂੰ ਆਖਿਆ ਕਿ ਕੌਂਸਲ ਵੱਲੋਂ ਜਾਰੀ ਕੀਤੇ ਆਦੇਸ਼ਾਂ ਸਬੰਧੀ ਸਰਕਾਰ ਆਪਣੀ ਤਰਫ਼ੋਂ ਸਿੱਖ ਭਾਵਨਾਵਾਂ ਦਾ ਹਵਾਲਾ ਦੇ ਕੇ ਇਤਰਾਜ਼ ਦਰਜ ਕਰਵਾਏ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਉਲੀਕੇ ਗਏ ਇਤਰਾਜ਼ਯੋਗ ਸਮਾਗਮਾਂ ਉੱਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਜੇਕਰ ਕਿਤੇ ਵੀ ਸਾਹਿਬਜ਼ਾਦਿਆਂ ਦੀ ਨਕਲ ਕਰਨ ਵਾਲੇ ਸਮਾਗਮ ਹੁੰਦੇ ਹਨ ਤਾਂ ਅਮਨ ਸ਼ਾਂਤੀ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਇਨ੍ਹਾਂ ਦਾ ਵਿਰੋਧ ਕਰਕੇ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਆਪਣੀ ਧਾਰਮਿਕ ਭਾਵਨਾਵਾਂ ਵਿਰੁੱਧ ਅਜਿਹਾ ਕੋਈ ਵਰਤਾਰਾ ਬਰਦਾਸ਼ਤ ਨਹੀਂ ਕਰਨਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement