
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਜਾਰੀ ਕੀਤੇ ਗਏ ਸੋਨੇ ਤੇ ਚਾਂਦੀ ਦੇ ਯਾਦਗਾਰੀ........
ਚੰਡਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਜਾਰੀ ਕੀਤੇ ਗਏ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ 5 ਜਨਵਰੀ ਤੋਂ ਸੰਗਤ ਲਈ ਉਪਲੱਬਧ ਹੋਣਗੇ। ਇਹ ਖ਼ੁਲਾਸਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪ੍ਰੋ. ਬਲਵਿੰਦਰ ਸਿੰਘ ਜੌੜਾ ਸਿੰਘਾ ਵਲੋਂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਇਹ ਸਿੱਕੇ ਨਵੰਬਰ 2019 ਵਿਚ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤਕ ਸੰਗਤ ਨੂੰ ਮਿਲਦੇ ਰਹਿਣਗੇ। ਸੋਨੇ ਦੇ ਸਿੱਕਿਆਂ ਵਿਚ ਪੰਜ ਗ੍ਰਾਮ ਅਤੇ ਦਸ ਗ੍ਰਾਮ 24 ਕੈਰੇਟ ਸੋਨੇ ਦੇ ਸਿੱਕੇ ਤੇ ਚਾਂਦੀ ਦੇ ਸਿੱਕਿਆਂ ਵਿਚ 25 ਅਤੇ 50 ਗ੍ਰਾਮ ਦੇ ਸਿੱਕੇ ਸ਼ਾਮਲ ਹਨ।
SGPC
ਫਿਲਹਾਲ ਇਸ ਤਰ੍ਹਾਂ ਦੇ 700 ਸਿੱਕੇ ਹੀ ਤਿਆਰ ਕੀਤੇ ਗਏ ਹਨ, ਬਾਅਦ ਵਿਚ ਹੋਰ ਸਿੱਕੇ ਵੀ ਬਣਾਏ ਜਾਣਗੇ। ਪਹਿਲਾਂ ਇਹ ਸਿੱਕੇ ਸੰਗਤ ਨੂੰ 24 ਨਵੰਬਰ ਤੋਂ ਹੀ ਉਪਲਬਧ ਕਰਵਾਏ ਜਾਣੇ ਸਨ ਪਰ ਸ਼੍ਰੋਮਣੀ ਕਮੇਟੀ ਦੀ ਇਸ ਸਬੰਧੀ ਸਬ ਕਮੇਟੀ ਵੱਲੋਂ ਹੁਣ ਤੱਕ ਇਨ੍ਹਾਂ ਯਾਦਗਾਰੀ ਸਿੱਕਿਆਂ ਬਾਰੇ ਭਾਅ ਤੈਅ ਨਾ ਕੀਤੇ ਜਾਣ ਕਾਰਨ ਇਹ ਹੁਣ ਤੱਕ ਸੰਗਤ ਨੂੰ ਉਪਲੱਬਧ ਨਹੀਂ ਹੋ ਸਕੇ।ਇਸ ਸਬੰਧੀ ਸਬ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਪਰ ਪੰਜ ਮੈਂਬਰੀ ਕਮੇਟੀ ਵਿਚੋਂ ਕੁਝ ਮੈਂਬਰ ਹਾਜ਼ਰ ਨਾ ਹੋਣ ਕਾਰਨ ਇਹ ਮੀਟਿੰਗ ਨਹੀਂ ਹੋ ਸਕੀ ਸੀ, ਪਰ ਹੁਣ ਇਹ ਸਿੱਕੇ ਪੰਜ ਜਨਵਰੀ ਤੋਂ ਸੰਗਤ ਨੂੰ ਮਿਲ ਸਕਣਗੇ।
SGPC
ਉਨ੍ਹਾਂ ਦੱਸਿਆ ਕਿ ਸਿੱਕਿਆਂ ਦੀਆਂ ਲੋੜੀਂਦੀਆਂ ਡਾਈਆਂ ਤਿਆਰ ਹੋ ਚੁੱਕੀਆਂ ਹਨ ਅਤੇ ਲੋੜ ਮੁਤਾਬਕ ਹੋਰ ਸਿੱਕੇ ਤਿਆਰ ਹੋ ਜਾਣਗੇ। ਇਹ ਸਿੱਕੇ ਵੱਖ-ਵੱਖ ਥਾਵਾਂ ਤੋਂ ਸੰਗਤ ਨੂੰ ਮਿਲ ਸਕਣਗੇ।