
ਪੰਜਾਬ ਨੂੰ ਦਸੰਬਰ ਮਹੀਨੇ ਦੌਰਾਨ 1067.21 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ
ਪਿਛਲੇ ਸਾਲ ਨਾਲੋਂ 5.77 ਫ਼ੀ ਸਦੀ ਇਜ਼ਾਫ਼ਾ
ਚੰਡੀਗੜ੍ਹ, 3 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦਾ ਦਸੰਬਰ 2020 ਮਹੀਨੇ ਦੌਰਾਨ ਕੁਲ ਜੀ.ਐਸ.ਟੀ. ਮਾਲੀਆ 1067.21 ਕਰੋੜ ਰੁਪਏ ਰਿਹਾ | ਪਿਛਲੇ ਸਾਲ ਇਸੇ ਮਹੀਨੇ ਦਾ ਕੁਲ ਜੀ.ਐਸ.ਟੀ. ਮਾਲੀਆ 1009.03 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 5.77 ਫ਼ੀ ਸਦੀ ਦਾ ਵਾਧਾ ਦਰਸਾਉਾਦਾ ਹੈ |
ਪੰਜਾਬ ਦੇ ਕਰ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਪ੍ਰੈਲ ਤੋਂ ਦਸੰਬਰ 2020 ਦੌਰਾਨ ਪੰਜਾਬ ਦਾ ਕੁਲ ਜੀ.ਐਸ.ਟੀ. ਮਾਲੀਆ 7881.5 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਨ੍ਹਾਂ 9 ਮਹੀਨਿਆਂ ਦੇ ਸਮੇਂ ਦੌਰਾਨ ਕੁਲ ਜੀ.ਐਸ.ਟੀ. ਮਾਲੀਆ 9851.82 ਕਰੋੜ ਰੁਪਏ ਸੀ | ਇਸ ਤਰ੍ਹਾਂ 20 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਹੈ | ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦਸਿਆ ਕਿ ਦਸੰਬਰ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿਚੋਂ ਪੰਜਾਬ ਸੂਬੇ ਨੇ 1067 ਕਰੋੜ ਰੁਪਏ ਪ੍ਰਾਪਤ ਕੀਤੇ ਹਨ ਜੋ ਕਿ ਕੁਲ ਸੁਰੱਖਿਅਤ ਮਾਲੀਏ ਦਾ ਕਰੀਬ 44.4 ਫ਼ੀ ਸਦੀ ਬਣਦਾ ਹੈ | ਇਸ ਤਰ੍ਹਾਂ ਦਸੰਬਰ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1336 ਕਰੋੜ ਹੈ ਜੋ ਕਿ ਹਾਲੇ ਤਕ ਪ੍ਰਾਪਤ ਨਹੀਂ ਹੋਈ | ਇਸੇ ਤਰ੍ਹਾਂ ਅਪਰੈਲ ਤੋਂ ਨਵੰਬਰ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 8856 ਕਰੋੜ ਰੁਪਏ ਬਣਦੀ ਹੈ ਜੋ ਕਿ ਬਾਕਾਇਆ ਪਈ ਹੈ | ਸਰਕਾਰੀ ਬੁਲਾਰੇ ਨੇ ਅੱਗੇ ਦਸਿਆ ਕਿ ਰਾਸ਼ਟਰੀ ਕੁਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਦਸੰਬਰ 2020 ਦੇ ਮਹੀਨੇ ਦੌਰਾਨ 1,15,174 ਕਰੋੜ ਰੁਪਏ ਹੈ ਜਦੋਂ ਕਿ ਪਿਛਲੇ ਸਾਲ ਦਸੰਬਰ 2019 ਦੇ ਮਹੀਨੇ ਦੌਰਾਨ ਕੁਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 1,03,184 ਕਰੋੜ ਰੁਪਏ ਇਕੱਤਰ ਹੋਇਆ | ਇਸ ਤਰ੍ਹਾਂ 12 ਫ਼ੀ ਸਦੀ ਵਾਧਾ ਦਰਜ ਹੋਇਆ | ਉਨ੍ਹਾਂ ਅੱਗੇ ਦਸਿਆ ਕਿ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ 2020) ਦੇ ਸਮੇਂ ਦੌਰਾਨ ਕੁਲ ਰਾਸ਼ਟਰੀ ਜੀ.ਐਸ.ਟੀ. ਮਾਲੀਆ 3,25,292 ਕਰੋੜ ਰੁਪਏ ਇਕੱਤਰ ਹੋਇਆ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ 2019 ਵਿਚ 3,02,055 ਕਰੋੜ ਰੁਪਏ ਇਕੱਤਰ ਹੋਇਆ ਸੀ | ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਨਾਲੋਂ 12 ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ |
ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ | ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ | ਦਸੰਬਰ 2020 ਦੇ ਮਹੀਨੇ ਵਿਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 671.12 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਦਸੰਬਰ 2019 ਦੇ ਮਹੀਨੇ ਲਈ ਇਹ ਕਲੈਕਸ਼ਨ 517.08 ਕਰੋੜ ਰੁਪਏ ਸੀ | ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 29.79 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ |