
ਬਠਿੰਡਾ ਦੇ ਰੇਲਵੇ ਗਰਾਊਂਡ ਵਿਚ ਭਿਖਾਰੀ ਦੀ ਸੜੀ ਹੋਈ ਲਾਸ਼ ਬਰਾਮਦ
ਬਠਿੰਡਾ, 3 ਜਨਵਰੀ (ਸੁਖਜਿੰਦਰ ਮਾਨ): ਸਥਾਨਕ ਰੇਲਵੇ ਗਰਾਊਂਡ ਵਿਚ ਅੱਜ ਸਵੇਰੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਨੇੜੇ ਤੋਂ ਇਕ ਇਟ, ਡੁੱਲਿਆ ਹੋਇਆ ਖ਼ੂਨ ਤੇ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਣ ਦੀ ਸੂਚਨਾ ਹੈ। ਥਾਣਾ ਕੈਨਾਲ ਕਾਲੋਨੀ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਲਾਸ਼ 90 ਫ਼ੀਸ ਦੀ ਤੋਂ ਵੱਧ ਸੜੀ ਹੋਈ ਸੀ, ਪਰ ਲਾਸ਼ ਦੇ ਨੇੜੇ ਪਏ ਹੋਏ ਕੁੱਝ ਸਮਾਨ ਵਿਚੋਂ ਬਰਾਮਦ ਹੋਏ ਆਧਾਰ ਕਾਰਡ ਦੇ ਅਧਾਰ ’ਤੇ ਮ੍ਰਿਤਕ ਦੀ ਸਨਾਖ਼ਤ ਹੋ ਗਈ ਹੈ। ਮ੍ਰਿਤਕ ਨਰੇਸ਼ ਕੁਮਾਰ ਵਾਸੀ ਜ਼ਿਲ੍ਹਾ ਸਿਰਸਾ ਦਾ ਰਹਿਣ ਵਾਲਾ ਸੀ।
ਇਹ ਵੀ ਪਤਾ ਚਲਿਆ ਹੈ ਕਿ ਉਹ ਭਿਖਾਰੀ ਸੀ ਅਤੇ ਰੇਲਵੇ ਸਟੇਸ਼ਨ ’ਤੇ ਮੰਗ ਕੇ ਅਪਣਾ ਗੁਜਾਰਾ ਕਰਦਾ ਸੀ ਤੇ ਰੇਲਵੇ ਗਰਾਉਂਡ ਵਿਚ ਹੀ ਸੋਅ ਜਾਂਦਾ ਸੀ। ਥਾਣਾ ਮੁਖੀ ਰਜਿੰਦਰ ਸਿੰਘ ਮੁਤਾਬਕ ਲਾਸ਼ ਦੀ ਹਾਲਾਤ ਅਤੇ ਉਸ ਦੇ ਨੇੜਿਓਂ ਬਰਾਮਦ ਹੋਏ ਸਮਾਨ ਦੇ ਆਧਾਰ ’ਤੇ ਇਹ ਸਪੱਸ਼ਟ ਤੌਰ ’ਤੇ ਕਤਲ ਜਾਪਦਾ ਹੈ, ਜਿਸ ਦੇ ਚਲਦੇ ਅਗਿਆਤ ਵਿਅਕਤੀਆਂ ਵਿਰੁਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਬੁਰੀ ਤਰ੍ਹਾਂ ਸੜ ਚੁੱਕੀ ਲਾਸ਼ ਨੂੰ ਇਕੱਠੀ ਕਰ ਕੇ ਹਸਪਤਾਲ ਦੇ ਮੁਰਦਾਘਾਟ ਵਿਚ ਪਹੁੰਚਾਇਆ।
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਲੁੱਟ ਖੋਹ ਦੀ ਨੀਅਤ ਨਾਲ ਜਾਂ ਦਾਰੂ ਪੀਣ ਸਮੇਂ ਹੋਈ ਤਕਰਾਰ ਕਾਰਨ ਕਤਲ ਹੋਇਆ ਜਾਪਦਾ ਹੈ ਪਰ ਜਾਂਚ ਪੂਰੀ ਹੋਣ ਤੋਂ ਪਹਿਲਾਂ ਕੁੱਝ ਨਹੀਂ ਕਿਹਾ ਜਾ ਸਕਦਾ ਹੈ। ਲਾਸ਼ ਦੇ ਕੋਲ ਮ੍ਰਿਤਕ ਵਿਅਕਤੀ ਦਾ ਸਾਮਾਨ ਖਿਲਰਿਆ ਪਿਆ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਤਲਾਂ ਦੀ ਭਾਲ ਸ਼ੁਰੁ ਕਰ ਦਿਤੀ ਗਈ ਹੈ।
ਇਸ ਖ਼ਬਰ ਨਾਲ ਸਬੰਧਤ ਫੋਟੋ 03 ਬੀਟੀਆਈ 03 ਨੰਬਰ ਵਿਚ ਭੇਜੀ ਜਾ ਰਹੀ ਹੈ।
ਲਾਸ਼ ਕੋਲੋ ਇਟ, ਖ਼ੂਨ ਅਤੇ ਸ਼ਰਾਬ ਬਰਾਮਦ