
ਭਗਵੰਤ ਮਾਨ ਦੇ ਨਾਮ ਨੇ ਬਲਬੀਰ ਰਾਜੇਵਾਲ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ ) : ਕੋਰੋਨਾ ਦੀ ਤੀਸਰੀ ਲਹਿਰ ਦੇ ਚੱਲਦੇ ਜਿੱਥੇ ਲਗਾਤਾਰ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਇਸਦੀ ਜਾਣਕਾਰੀ ਆਪ ਸੁਪਰੀਮੋ ਨੇ ਟਵੀਟ ਕਰਕੇ ਦਿੱਤੀ। ਆਪਣੇ ਟਵੀਟ 'ਚ ਕੇਜਰੀਵਾਲ ਲਿਖਦੇ ਹਨ, "ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਮੁਤਾਬਿਕ ਸੰਕਰਮਿਤ ਪਾਇਆ ਗਿਆ ਹਾਂ, ਜਿਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਏਕਾਂਤਵਾਸ 'ਚ ਰਖਿਆ ਹੈ ।" ਕੇਜਰੀਵਾਲ ਦਾ ਇਹ ਟਵੀਟ ਸੰਯੁਕਤ ਸਮਾਜ ਮੋਰਚੇ ਲਈ ਵੱਡੀ ਚੁਣੌਤੀ ਖੜੀ ਕਰ ਰਿਹਾ ਹੈ।
file photo
ਦਰਅਸਲ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਬੀਤੇ ਦਿਨੀਂ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਮੁਤਾਬਿਕ ਆਮ ਆਦਮੀ ਪਾਰਟੀ ਆਪਣੇ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਵਿੱਚ ਬਦਲਾਅ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਜੇਵਾਲ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਦੇ ਗੱਠਜੋੜ ਦੀ ਗਲਬਾਤ ਜਾਰੀ ਹੈ ਤੇ ਜੇਕਰ ਇਹ ਗੱਲਬਾਤ ਸਫ਼ਲ ਹੁੰਦੀ ਹੈ ਤਾਂ ਆਪ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਬਦਲੀ ਜਾ ਸਕਦੀ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ 101 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਗਏ ਹਨ ਤੇ ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ ਵੀ 117 ਸੀਟਾਂ 'ਤੇ ਚੋਣ ਲੜਨ ਦਾਂ ਐਲਾਨ ਕਰ ਚੁੱਕਿਆ ਹੈ।
Arvind Kejriwal
ਪਰ ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਵੀਂ ਚੱਲ ਰਹੀ ਹੈ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਆਪ ਨਾਲ 40 ਤੋਂ 50 ਸੀਟਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਜੋ ਅਜੇ ਤੱਕ ਕਿਸੇ ਸਿਰੇ ਨਹੀਂ ਲੱਗੀ। ਉਧਰ ਅਜਿਹੇ ਹਾਲਾਤ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਖ਼ੁਦ ਨੂੰ ਏਕਾਂਤਵਾਸ ਕਰ ਲੈਣਾ ਸੰਯੁਕਤ ਸਮਾਜ ਮੋਰਚੇ ਲਈ ਵੱਡੀ ਮੁਸ਼ਕਿਲ ਬਣ ਗਿਆ ਹੈ, ਕਿਉਂਕਿ ਅਜਿਹੀ ਸਥਿਤੀ ਵਿੱਚ ਆਪ ਤੇ ਸੰਯੁਕਤ ਸਮਾਜ ਮੋਰਚੇ ਦਾ ਗੱਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ।
Balbir Singh Rajewal
ਇਸਦੇ ਨਾਲ ਬਲਬੀਰ ਸਿੰਘ ਰਾਜੇਵਾਲ ਲਈ ਇੱਕ ਹੋਰ ਵੱਡੀ ਔਕੜ ਖੜੀ ਹੁੰਦੀ ਦਿਖਾਈ ਦੇ ਰਹੀ ਹੈ। ਹੁਣ ਤੱਕ ਚਰਚਾ ਦਾ ਵਿਸ਼ਾ ਇਹ ਵੀ ਰਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵੱਜੋਂ ਮੈਦਾਨ ਵਿੱਚ ਉਤਾਰ ਸਕਦੀ ਹੈ, ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਉਮੀਦਵਾਰ ਮੈਦਾਨ ਵਿੱਚ ਉਤਾਰ ਸਕਦੀ ਹੈ।
ਸੋ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਚਰਚਾਵਾ ਤੋਂ ਭਵਿੱਖ ਦੇ ਸਮੀਕਰਣ ਕਾਫੀ ਬਦਲਦੇ ਹੋਏ ਨਜ਼ਰ ਆ ਰਹੇ ਹਨ ਤੇ ਹੁਣ ਦੇਖਣਾ ਇਹ ਹੈ ਕਿ ਸੰਯੁਕਤ ਸਮਾਜ ਮੋਰਚਾ ਦਾ ਕੋਈ ਸਿਆਸੀ ਭਵਿੱਖ ਬਣੇਗਾ ਜਾਂ ਇਨ੍ਹਾਂ ਚੋਣਾਂ ਵਿੱਚ ਹੀ ਇਹ ਮੋਰਚਾ ਏਕਾਂਤਵਾਸ ਹੋ ਜਾਵੇਗਾ।