
5 ਸੂਬਿਆਂ ਦੇ ਬੱਚਿਆਂ ਨੂੰ ਮਿਲੇਗੀ ਇਲਾਜ ਦੀ ਸਹੂਲਤ
Chandigarh News: ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਸੀਐਚ) ਸੈਕਟਰ 16, ਚੰਡੀਗੜ੍ਹ ਵਿਖੇ ਇੱਕ ਨਵਾਂ ਐਡਵਾਂਸਡ ਬਾਲ ਚਿਕਿਤਸਕ ਕੇਂਦਰ ਸ਼ੁਰੂ ਹੋ ਗਿਆ ਹੈ। ਹੁਣ ਤੱਕ ਬੱਚਿਆਂ ਦੇ ਇਲਾਜ ਲਈ ਇਸ ਤਰ੍ਹਾਂ ਦਾ ਉੱਨਤ ਕੇਂਦਰ ਪੀ.ਜੀ.ਆਈ. ਵਿਚ ਹੀ ਸੀ। ਉੱਥੇ ਚੰਡੀਗੜ੍ਹ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਵੀ ਇੱਥੇ ਮਰੀਜ਼ ਆਉਂਦੇ ਹਨ। ਇਸ ਕਾਰਨ ਇੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਇਸ ਕੇਂਦਰ ਦੇ ਖੁੱਲ੍ਹਣ ਨਾਲ ਇਨ੍ਹਾਂ ਪੰਜ ਰਾਜਾਂ ਦੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਕੇਂਦਰ ਵਿਚ ਨਵਜੰਮੇ ਬੱਚਿਆਂ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਕੀਤਾ ਜਾਵੇਗਾ। ਸੈਕਟਰ 16 ਸਥਿਤ ਇਸ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਵਿਚ ਬੱਚਿਆਂ ਦੇ ਇਲਾਜ ਲਈ 32 ਬਿਸਤਰਿਆਂ ਵਾਲਾ ਇੰਸੈਂਟਿਵ ਕੇਅਰ ਯੂਨਿਟ (ਆਈ.ਸੀ.ਯੂ.) ਬਣਾਇਆ ਗਿਆ ਹੈ।
ਇਨ੍ਹਾਂ ਵਿਚੋਂ ਚਾਰ ਬਿਸਤਰੇ ਵੈਂਟੀਲੇਟਰ ਦੀ ਸਹੂਲਤ ਨਾਲ, ਅੱਠ ਬਿਸਤਰੇ ਐਚਡੀਯੂ (ਹਾਈ ਡਿਪੈਂਡੈਂਸੀ ਯੂਨਿਟ) ਅਤੇ 20 ਬੈੱਡ ਆਕਸੀਜਨ ਨਾਲ ਸਥਾਪਤ ਕੀਤੇ ਗਏ ਹਨ। ਟੈਸਟਿੰਗ ਦੀ ਲੋੜ ਨੂੰ ਦੇਖਦੇ ਹੋਏ ਇਸ ਦੇ ਅੰਦਰ ਸੈਂਪਲ ਕਲੈਕਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਹੈ। ਜਿਸ ਵਿਚ ਉੱਥੇ ਹੀ ਬੱਚਿਆਂ ਦੇ ਸੈਂਪਲ ਲਏ ਜਾਣਗੇ।
ਚੰਡੀਗੜ੍ਹ ਸ਼ਹਿਰ ਵਿਚ ਜੀਐਮਸੀਐਚ ਸੈਕਟਰ 16 ਇੱਕ ਅਜਿਹਾ ਹਸਪਤਾਲ ਹੈ ਜਿੱਥੇ ਸਭ ਤੋਂ ਵੱਧ ਜਣੇਪੇ ਹੁੰਦੇ ਹਨ। ਇੱਥੇ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਵਰਗੇ ਕਈ ਰਾਜਾਂ ਤੋਂ ਮਰੀਜ਼ ਇੱਥੇ ਆਉਂਦੇ ਹਨ। ਅੰਕੜਿਆਂ ਮੁਤਾਬਕ ਹਰ ਮਹੀਨੇ ਔਸਤਨ 3000 ਡਲਿਵਰੀ ਹੁੰਦੀ ਹੈ। ਜੋ ਕਿ ਪੀਜੀਆਈ ਅਤੇ ਮੈਡੀਕਲ ਕਾਲਜ 32 ਤੋਂ ਵੱਧ ਹੈ। ਇਸ ਦੇ ਮੱਦੇਨਜ਼ਰ ਇੱਥੇ ਐਡਵਾਂਸ ਪੀਡੀਆਟ੍ਰਿਕ ਸੈਂਟਰ ਦੀ ਲੋੜ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਗੰਭੀਰ ਹਾਲਤ ਵਿੱਚ ਪੈਦਾ ਹੋਏ ਬੱਚਿਆਂ ਨੂੰ ਪੀ.ਜੀ.ਆਈ. ਦੇ ਲਈ ਰੈਫਰ ਕੀਤਾ ਜਾਂਦਾ ਹੈ।
ਇਸ ਉੱਨਤ ਬਾਲ ਚਿਕਿਤਸਕ ਕੇਂਦਰ ਦੀ ਯੋਜਨਾ 2021 ਵਿਚ ਕੀਤੀ ਗਈ ਸੀ। ਜਦੋਂ ਸਿਹਤ ਵਿਭਾਗ ਨੇ ਜੀ.ਐਮ.ਸੀ.ਐਚ. ਵਿਚ 32 ਬਿਸਤਰਿਆਂ ਵਾਲੇ ਬਾਲ ਰੋਗ ਯੂਨਿਟ ਦੀ ਤਜਵੀਜ਼ ਰੱਖੀ ਸੀ। ਕੇਂਦਰ ਨੇ ਇਸ ਲਈ 2.25 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਸੀ। ਉਸ ਸਮੇਂ ਇਸ ਨੂੰ ਮਾਰਚ 2022 ਤੱਕ ਪੂਰਾ ਕਰਨ ਦੀ ਤਜਵੀਜ਼ ਸੀ। ਪਰ ਹੁਣ ਇਹ ਕਾਫ਼ੀ ਦੇਰੀ ਤੋਂ ਬਾਅਦ ਬਣ ਕੇ ਤਿਆਰ ਹੈ।
(For more news apart from Chandigarh News, stay tuned to Rozana Spokesman)