
ਅੱਜ ਸ਼੍ਰੀ ਸੁਨੀਲ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਦੋ ਵੱਖ-ਵੱਖ ਸਥਾਨਾਂ 'ਤੇ ਸੰਗਤ ਦਰਸ਼ਨ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ.....
ਪਠਾਨਕੋਟ : ਅੱਜ ਸ਼੍ਰੀ ਸੁਨੀਲ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਦੋ ਵੱਖ-ਵੱਖ ਸਥਾਨਾਂ 'ਤੇ ਸੰਗਤ ਦਰਸ਼ਨ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜ਼ਿਕਰਯੋਗ ਹੈ ਕਿ 3 ਫ਼ਰਵਰੀ ਨੂੰ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਉਚਾ ਥੜ੍ਹਾਂ ਵਿਖੇ ਸੰਗਤ ਦਰਸ਼ਨ ਲਾਇਆ ਗਿਆ ਅਤੇ ਬਾਅਦ ਦੁਪਿਹਰ ਕਰੀਬ 2 ਵਜੇ ਸ਼੍ਰੀ ਸੁਨੀਲ ਜਾਖੜ ਵਿਧਾਨ ਸਭਾ ਹਲਕਾ ਭੋਆ ਵਿਖੇ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸੰਗਤ ਦਰਸ਼ਨ ਦੌਰਾਨ ਉਨ੍ਹਾਂ ਵਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਲਈ 9,71,14,234 ਰੁਪਏ ਦੇ ਚੈੱਕ ਵੰਡੇ ਗਏ ਜਿਸ ਵਿਚ 3,14,49,234 ਰੁਪਏ ਦੀ ਰਾਸ਼ੀ 14ਵੇਂ ਵਿੱਤ ਕਮਿਸ਼ਨ ਵਿਚੋਂ,
1,10,65000 ਰੁਪਏ ਦੀ ਰਾਸ਼ੀ ਐਮ.ਪੀ. ਫ਼ੰਡ 'ਚੋਂ ਅਤੇ 5 ਕਰੋੜ 46 ਲੱਖ ਰੁਪਏ ਦੀ ਰਾਸ਼ੀ ਰੁਰਲ ਡਿਵੈਲਪਮੈਂਟ ਫ਼ੰਡ ਵਿਚੋਂ ਦਿਤੀ ਗਈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਭੋਆ ਦੇ ਵਿਕਾਸ ਕਾਰਜਾਂ ਲਈ 9,96,67,225 ਰੁਪਏ ਦੇ ਚੈੱਕ ਵੰਡੇ ਜਿਸ ਵਿਚ 3,64,67,225 ਰੁਪਏ ਦੀ ਰਾਸ਼ੀ 14ਵੇਂ ਵਿੱਤ ਕਮਿਸ਼ਨ ਵਿਚੋਂ, 1 ਕਰੋੜ 32 ਲੱਖ ਰੁਪਏ ਦੀ ਰਾਸ਼ੀ ਐਮ. ਪੀ. ਫ਼ੰਡ 'ਚੋਂ ਅਤੇ 5 ਕਰੋੜ ਦੀ ਰਾਸ਼ੀ ਰੁਰਲ ਡਿਵੈਲਪਮੈਂਟ ਫ਼ੰਡ ਵਿਚੋਂ ਦਿਤੀ ਗਈ। ਜਾਖੜ ਨੇ ਕਿਹਾ ਕਿ ਪਠਾਨਕੋਟ ਦੇ ਸਰਵਪੱਖੀ ਵਿਕਾਸ ਵਿਚ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਂਣ ਦਿਤੀ ਜਾਵੇਗੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਧਾਰ ਖੇਤਰ ਅੰਦਰ ਲੋਕਾਂ ਨੂੰ ਜੋ ਪੀਣ ਵਾਲੇ ਪਾਣੀ ਦੀ ਕਿੱਲਤ ਰਹਿੰਦੀ ਹੈ, ਉਸ ਨੂੰ ਦੂਰ ਕਰਨ ਲਈ ਕਰੀਬ 10 ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਿਆੜੀ ਵਿਖੇ ਜੋ ਆਈ. ਟੀ. ਆਈ. ਕਾਲਜ ਬਣਾਉਣ ਦਾ ਕਾਰਜ ਬੰਦ ਪਿਆ ਸੀ ਉਹ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਕਨੀਕੀ ਸਿਖਿਆ ਮੰਤਰੀ ਨਾਲ ਗੱਲ ਹੋਈ ਹੈ ਜਲਦੀ ਹੀ ਉਸ ਪ੍ਰਾਜੈਕਟ ਲਈ ਕਰੀਬ 8 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਜਿਸ ਲਈ ਕੈਪਟਨ ਦੇ ਉਪਰਾਲਿਆਂ ਸਦਕਾ ਪਠਾਨਕੋਟ ਵਿਚ ਲਾਈ ਗਈ ਪੈਪਸੀਕੋ ਇੰਡਸਟ੍ਰੀ ਨਾਲ ਕਰੀਬ 10 ਹਜ਼ਾਰ ਪ੍ਰਵਾਰਾਂ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਨਸਲ ਦੇ ਪਸ਼ੂ ਦੇ ਕੇ, ਉਨ੍ਹਾਂ ਪਿੰਡਾ ਅੰਦਰ ਮਿੰਨੀ ਸੈਂਟਰ ਲਾਏ ਜਾਣਗੇ ਅਤੇ ਲੋਕਾਂ ਦਾ ਜੀਵਨ ਬਦਲੇਗਾ, ਇਸ ਤੋਂ ਇਲਾਵਾ ਬਾਗ਼ਬਾਨਾਂ ਨੂੰ ਵੀ ਵਧੇਰੇ ਲਾਭ ਹੋਵੇਗਾ। ਇਨ੍ਹਾਂ ਸਮਾਰੋਹਾਂ 'ਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਸੰਜੀਵ ਬੈਂਸ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਅਮਿਤ ਮੰਟੂ, ਵਿਨੈ ਮਹਾਜਨ, ਨਰੇਸ ਪੂਰੀ,
ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਸੰਗਰਾਮ ਸਿੰਘ, ਰੋਹਿਤ ਸਰਨਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਾਸਟਰ ਰਾਮ ਲਾਲ, ਨਵਜੀਤ ਘਈ, ਠਾਕੁਰ ਮਿਹਰ ਸਿੰਘ, ਮਮਤਾ ਠਾਕੁਰ ਸਰਪੰਚ ਮੈਰਾ ਕਲੋਨੀ, ਵਿਜੈ ਕਟਾਰੂ ਚੱਕ ਅਤੇ ਹੋਰ ਪਾਰਟੀ ਕਾਰਜਕਰਤਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।