
ਜ਼ਿਲ੍ਹਾ ਖੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦ ਪੁਲਿਸ ਨੇ 3 ਲੱਖ 52 ਹਜ਼ਾਰ ਦੀ ਜਾਅਲੀ ਕਰੰਸੀ ਅਤੇ ਜਾਅਲੀ ਕਰੰਸੀ ਛਾਪਣ ਲਈ ਵਰਤੋਂ ਆਉਣ ਵਾਲਾ ਸਮਾਨ....
ਖੰਨਾ : ਜ਼ਿਲ੍ਹਾ ਖੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦ ਪੁਲਿਸ ਨੇ 3 ਲੱਖ 52 ਹਜ਼ਾਰ ਦੀ ਜਾਅਲੀ ਕਰੰਸੀ ਅਤੇ ਜਾਅਲੀ ਕਰੰਸੀ ਛਾਪਣ ਲਈ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਮਸ਼ੀਨ, ਕਾਗ਼ਜ਼ ਵਗੈਰਾ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਐਸ.ਐਸ.ਪੀ ਧਰੁਵ ਦਹੀਆ ਨੇ ਇਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦਸਿਆ ਕਿ ਐਸ.ਪੀ (ਡੀ) ਜਸਵੀਰ ਸਿੰਘ ਖੰਨਾ ਦੀ ਨਿਗਰਾਨੀ ਹੇਠ ਡੀ.ਐਸ.ਪੀ. ਜਗਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ. ਰਛਪਾਲ ਸਿੰਘ ਅਤੇ ਡੀ.ਐਸ.ਪੀ. ਹਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਸਹਾਇਕ
ਥਾਣੇਦਾਰ ਸੁਖਵੀਰ ਸਿੰਘ ਨਾਰਕੋਟਿਕ ਸੈੱਲ ਖੰਨਾ ਅਤੇ ਸਹਾਇਕ ਥਾਣੇਦਾਰ ਬਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਦੋਰਾਹਾ ਵਲੋਂ ਹਾਈ-ਟੈੱਕ ਨਾਕਾ ਦੌਰਾਹਾ 'ਤੇ ਲਾਏ ਨਾਕੇ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਭਾਰਤੀ ਜਾਅਲੀ ਕਰੰਸੀ ਬਾਰੇ ਸੂਚਨਾ ਦਿਤੀ ਕਿ ਦੋ ਨੌਜਵਾਨ (ਵਿਦੇਸ਼ੀ) ਬੱੱਸ ਅੱਡਾ ਦੋਰਾਹਾ 'ਚ ਜਾਅਲੀ ਕਰੰਸੀ ਸਮੇਤ ਮੌਜੂਦ ਹਨ ਅਤੇ ਕਿਸੇ ਦੀ ਉਡੀਕ ਕਰ ਰਹੇ ਹਨ। ਸੂਚਨਾ 'ਤੇ ਕਾਰਵਾਈ ਕਰਦਿਆ ਪੁਲਿਸ ਪਾਰਟੀ ਵਲੋਂ ਬੱਸ ਅੱਡਾ ਦੋਰਾਹਾ 'ਚ ਛਾਪਾ ਮਾਰ ਕੇ ਦੋਵੇਂ ਵਿਦੇਸ਼ੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਮੁਲਜ਼ਮਾਂ ਨੇ ਅਪਣਾ ਨਾਂ ਕੈਲਵਿਨ ਨੋਰਮਨ ਪੁੱਤਰ ਵਾਸੀ ਘਾਨਾ ਹਾਲ ਵਾਸੀ ਮੁੰਬਈ ਅਤੇ ਗੈਮਟੂਈ ਕਾਊਵਾ ਡਾਰੀਓਸ ਵਾਸੀ ਸੈਂਟਰ ਅਫ਼ਰੀਕਾ ਹਾਲ ਵਾਸੀ ਦਿੱਲੀ ਦਸਿਆ। ਮੁਲਜ਼ਮਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ 3 ਲੱਖ 52 ਹਜ਼ਾਰ (ਦੋ-ਦੋ ਹਜ਼ਾਰ ਦੇ ਨੋਟ) ਜਾਅਲੀ ਕਰੰਸੀ, ਜਾਅਲੀ ਨੋਟ ਛਾਪਣ ਵਾਲੀ ਮਸ਼ੀਨ, ਭਾਰਤੀ ਕਰੰਸੀ ਦੇ ਨੋਟਾਂ ਦੇ ਸਾਈਜ਼ ਦੇ ਖ਼ਾਲੀ ਪੇਪਰ ਅਤੇ ਆਇਉਡੀਨ ਕੈਮੀਕਲ ਅਤੇ ਹੋਰ ਵਰਤਿਆ ਜਾਣ ਵਾਲਾ ਸਮਾਨ ਬਰਾਮਦ ਹੋਇਆ। ਪੁਲਿਸ ਨੇ ਉਨ੍ਹਾਂ ਵਿਰੁਧ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।