
ਟਰੰਪ ਦੀਆਂ ਸਖ਼ਤ ਪ੍ਰਵਾਸ ਨੀਤੀਆਂ ਨੂੰ ਪਲਟਣ ਲਈ ਬਾਈਡਨ ਨੇ ਕਾਰਜਕਾਰੀ ਹੁਕਮਾਂ ’ਤੇ ਹਸਤਾਖਰ ਕੀਤੇ
ਕਿਹਾ, ਮੈਂ ਨਵੇਂ ਕਾਨੂੰਨ ਨਹੀਂ ਬਣਾ ਰਿਹਾ ਬਲਕਿ ਬੁਰੀ ਨੀਤੀ ਦਾ ਖ਼ਾਤਮਾ ਕਰ ਰਿਹਾਂ
ਵਾਸ਼ਿੰਗਟਨ, 3 ਫ਼ਰਵਰੀ : ਅਮਰੀਕੀ ਰਾਸ਼ਟਰਪਤੀ ਜੋ. ਬਾਈਡਨ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਕਾਰਜਕਾਰੀ ਹੁਕਮਾਂ ’ਤੇ ਹਸਤਾਖਰ ਕੀਤੇ ਹਨ ਜੋ ਅਤੀਤ ਵਿਚ ਟਰੰਪ ਪ੍ਰਸ਼ਾਸਨ ਦੀਆਂ ਉਨ੍ਹਾਂ ਸਖ਼ਤ ਪ੍ਰਵਾਸ ਨੀਤੀਆਂ ਨੂੰ ਪਲਟ ਦੇਣਗੇ, ਜਿਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਤੋਂ ਅਲੱਗ ਕਰ ਦਿਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹੁਕਮ ‘ਨਿਰਪੱਖ, ਵਿਅਕਤੀਗਤ ਅਤੇ ਮਨੁੱਖੀ’ ਕਾਨੂੰਨੀ ਪ੍ਰਵਾਸ ਪ੍ਰਣਾਲੀ ਯਕੀਨੀ ਕਰਨਗੇ। ਮੌਜੂਦਾ ਨੀਤੀਆਂ ਦੀ ਸਮੀਖਿਆ ਬਾਈਡਨ ਪ੍ਰਸ਼ਾਸਨ ਦੇ 60 ਤੋਂ 180 ਦਿਨਾਂ ਦੇ ਨਿਰਧਾਰਤ ਕਾਰਜ ਏਜੰਡੇ ਦਾ ਹਿੱਸਾ ਹਨ ਜਿਸ ਨਾਲ ਅਮਰੀਕਾ ਵਿਚ ਅਪਣਾ ਭਵਿੱਖ ਤਲਾਸ਼ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ।
ਬਾਈਡਨ ਨੇ ਇਨ੍ਹਾਂ ਹੁਕਮਾਂ ਸਬੰਧੀ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ,‘‘ਮੈਂ ਨਵੇਂ ਕਾਨੂੰਨ ਨਹੀਂ ਬਣਾ ਰਿਹਾ, ਬਲਕਿ ਮੈਂ ਬੁਰੀ ਨੀਤੀ ਦਾ ਖ਼ਾਤਮਾ ਕਰ ਰਿਹਾ ਹਾਂ।’’ ਇਸ ਦੌਰਾਨ ਉਨ੍ਹਾਂ ਨਾਲ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਅਤੇ ਗ੍ਰਹਿ ਸੁਰੱਖਿਆ ਮੰਤਰੀ ਅਲੈਜਾਂਦਰੋ ਮੇਅਰਕਸ ਵੀ ਮੌਜੂਦ ਸਨ। ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਕੋਲ ਨਿਰਪੱਖ, ਵਿਅਕਤੀਗਤ ਅਤੇ ਮਨੁੱਖੀ ਕਾਨੂੰਨੀ ਪ੍ਰਵਾਸ ਪ੍ਰਣਾਲੀ ਹੋਣ ’ਤੇ ਦੇਸ਼ ਜ਼ਿਆਦਾ ਮਜ਼ਬੂਤ, ਸੁਰੱਖਿਅਤ ਅਤੇ ਤਰੱਕੀ ਵਾਲਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਰਜਕਾਰੀ ਹੁਕਮ ਪ੍ਰਵਾਸ ਪ੍ਰਣਾਲੀ ਨੂੰ ਮਜ਼ਬੂਤ ਅਤੇ ਉਨ੍ਹਾਂ ਕਦਮਾਂ ਨੂੰ ਸਮਰਥਨ ਦੇਣ ’ਤੇ ਕੇਂਦਰਤ ਹਨ ਜੋ ਉਨ੍ਹਾਂ ਨੇ ਅਪਣੇ ਕਾਰਜਕਾਲ ਦੇ ਪਹਿਲੇ ਦਿਨ ਲੋਕਾਂ ਦੀਆਂ ਉਮੀਦਾਂ ਦੀ ਰਖਿਆ ਕਰਨ ਅਤੇ ਮੁਸਮਾਨਾਂ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਚੁਕੇ ਸਨ। ਉਨ੍ਹਾਂ ਕਿਹਾ,‘‘ਅੱਜ ਅਸੀਂ ਰਾਸ਼ਟਰ ਨੂੰ ਸ਼ਰਮਿੰਦਾ ਕਰਨ ਵਾਲੇ ਪਹਲੇ ਪ੍ਰਸ਼ਾਸਨ ਦੇ ਉਨ੍ਹਾਂ ਕਦਮਾਂ ਨੂੰ ਪਲਟਣ ਜਾ ਰਹੇ ਹਾਂ ਜਿਨ੍ਹਾਂ ਨੇ ਸਰਹੱਦਾਂ ’ਤੇ ਇਕ ਤਰ੍ਹਾਂ ਨਾਲ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਵਾਰਾਂ, ਮਾਂ-ਬਾਪ ਤੋਂ ਦੂਰ ਕਰ ਦਿਤਾ।’’ (ਪੀਟੀਆਈ)