
ਮੁੱਖ ਮੰਤਰੀ ਨੇ ਆਰਮਡ ਫ਼ੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਦਾ ਵਰਚੂਅਲ ਤੌਰ ’ਤੇ ਰਖਿਆ ਨੀਂਹ
ਚੰਡੀਗੜ੍ਹ, 3 ਫ਼ਰਵਰੀ (ਸੱਤੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਰਮਡ ਫ਼ੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰਖਿਆ ਜਿਸ ਨਾਲ ਸੂਬੇ ਦੇ ਹੋਰ ਨੌਜਵਾਨਾਂ ਨੂੰ ਰਖਿਆ ਸੇਵਾਵਾਂ ਵਿਚ ਅਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ। 27 ਕਰੋੜ ਰੁਪਏ ਦੀ ਲਾਗਤ ਨਾਲ 12.75 ਏਕੜ ਵਿਚ ਰਕਬੇ ਵਿੱਚ ਬਣਨ ਵਾਲੇ ਇਸ ਮਾਣਮੱਤੇ ਪ੍ਰਾਜੈਕਟ ਦਾ ਨਿਰਮਾਣ ਕਾਰਜ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵਲੋਂ ਕੀਤਾ ਜਾ ਰਿਹਾ ਹੈ ਜਿਸ ਨੂੰ ਸਾਲ 2021 ਦੇ ਅਖੀਰ ਤਕ ਮੁਕੰਮਲ ਕੀਤਾ ਜਾਵੇਗਾ। ਇਸ ਸੰਸਥਾ ਵਿਚ ਸਾਲਾਨਾ 270 ਉਮੀਦਵਾਰ ਸਿਖਲਾਈ ਹਾਸਲ ਕਰਿਆ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਬਣਨ ਵਾਲਾ ਇਹ ਆਰਮਡ ਫ਼ੋਰਸਿਜ ਪ੍ਰੈਪਰੇਟਰੀ ਇੰਸਟਿਚਊਟ ਸਾਡੇ ਨੌਜਵਾਨ ਲੜਕੇ-ਲੜਕੀਆਂ ਦੇ ਫ਼ੌਜ ਵਿਚ ਜਾਣ ਦੇ ਸੁਪਨਾ ਨੂੰ ਸਾਕਾਰ ਕਰਨ ਵਿਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ, ਜਦੋਂ ਸਾਡੀਆਂ ਮਹਿਲਾ ਪਾਇਲਟ ਅਫ਼ਸਰ ਰਾਫ਼ੇਲ ਅਤੇ ਹੈਲੀਕਾਪਟਰ ਉਡਾ ਰਹੀਆਂ ਹਨ ਅਤੇ ਰਖਿਆ ਸੈਨਾਵਾਂ ਦੇ ਹਰ ਖੇਤਰ ਵਿਚ ਸਰਗਰਮੀ ਨਾਲ ਸ਼ਾਮਲ ਹਨ ਤਾਂ ਉਹ ਦਿਨ ਵੀ ਛੇਤੀ ਆਵੇਗਾ, ਜਦੋਂ ਭਾਰਤ ਵਿਚ ਸਾਡੀਆਂ ਲੜਕੀਆਂ ਵੀ ਬਾਕੀ ਮੁਲਕਾਂ ਦੀਆਂ ਦੂਜੀਆਂ ਲੜਕੀਆਂ ਵਾਂਗ ਹਥਿਆਰਬੰਦ ਸੈਨਾ ਦਾ ਹਿੱਸਾ ਹੋਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਐਜੂਕੇਸ਼ਨ ਟਰੱਸਟ ਤੇ ਸੁਸਾਇਟੀ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਨੇ ਇਸ ਸੰਸਥਾ ਦੀ ਸਥਾਪਨਾ ਲਈ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਨੂੰ ਤੋਹਫ਼ੇ ਦੇ ਤੌਰ ਉਤੇ ਮੁਫ਼ਤ ਜ਼ਮੀਨ ਦੀ ਪੇਸ਼ਕਸ਼ ਕੀਤੀ। ਅੰਬਿਕਾ ਸੋਨੀ ਨੇ ਵੀ ਅਪਣੀ ਤਰਫ਼ੋਂ ਇਸ ਸੰਸਥਾ ਨੂੰ ਸਥਾਪਤ ਕਰਨ ਵਿਚ ਸਹਿਯੋਗ ਅਤੇ ਮਦਦ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਧਨਵਾਦ ਕੀਤਾ ਜੋ ਪੰਜਾਬ ਦੇ ਨੌਜਵਾਨਾਂ ਦੇ ਫ਼ੌਜ ਵਿਚ ਜਾਣ ਲਈ ਆਧੁਨਿਕ ਸਿਖਲਾਈ ਦਾ ਮੈਦਾਨ ਬਣ ਕੇ ਉਭਰ ਸਕਦਾ ਹੈ।