
ਮਿਆਂਮਾਰ ’ਚ ਤਖ਼ਤਾ ਪਲਟ : ਲੋਕਾਂ ਨੇ ਹਾਰਨ ਅਤੇ ਭਾਂਡੇ ਖੜਾ ਕੇ ਕੀਤਾ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ
ਯਾਂਗੂਨ, 3 ਫ਼ਰਵਰੀ : ਮਿਆਂਮਾਰ ਦੇ ਸੱਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਕਾਰਾਂ ਦੇ ਹਾਰਨ ਅਤੇ ਭਾਂਡੇ ਖੜਕਾ ਕੇ ਦੇਸ਼ ਵਿਚ ਫ਼ੌਜੀ ਤਖ਼ਤਾ ਪਲਟ ਦਾ ਵਿਰੋਧ ਕੀਤਾ। ਦੇਸ਼ ਵਿਚ ਫ਼ੌਜੀ ਤਖ਼ਤਾ ਪਲਟ ਦੇ ਵਿਰੋਧ ਵਿਚ ਇਹ ਪਹਿਲਾ ਜਨਤਕ ਵਿਰੋਧ ਹੈ। ਯਾਂਗੂਨ ਅਤੇ ਗੁਆਂਢੀ ਖੇਤਰਾਂ ਵਿਚ ਇਸ ਪ੍ਰਦਰਸ਼ਨ ਦੌਰਾਨ ਹਿਰਾਸਤ ਵਿਚ ਬੰਦ ਨੇਤਾ ਆਂਗ ਸਾਨ ਸੂ ਕੀ ਦੀ ਚੰਗੀ ਸਿਹਤ ਲਈ ਅਰਦਾਸਾਂ ਕੀਤੀਆਂ ਗਈਆਂ ਅਤੇ ਆਜ਼ਾਦੀ ਦੀ ਮੰਗ ਕਰਦੇ ਹੋਏ ਨਾਹਰੇ ਲਾਏ ਗਏ। ਇਕ ਪ੍ਰਦਸ਼ਨਕਾਰੀ ਨੇ ਅਪਣਾ ਨਾਮ ਜ਼ਾਹਰ ਨਹੀਂ ਕਰਨ ਦੀ ਸ਼ਰਤ ’ਤੇ ਕਿਹਾ,“ਮਿਆਂਮਾਰ ਦੇ ਸਭਿਆਚਾਰ ਵਿਚ ਡਰੱਮ ਵਜਾਉਣ ਦਾ ਅਰਥ ਸ਼ੈਤਾਨ ਨੂੰ ਬਾਹਰ ਕਰਨਾ ਹੁੰਦਾ ਹੈ।’’
ਕਈ ਲੋਕਤੰਤਰ ਸਮਰਥਕ ਸਮੂਹਾਂ ਨੇ ਤਖ਼ਤਾ ਪਲਟ ਵਿਰੁਧ ਵਿਰੋਧ ਪ੍ਰਦਰਸ਼ਨ ਕਰਨ ਲਈ ਲੋਕਾਂ ਤੋਂ ਮੰਗਲਵਾਰ ਰਾਤ 8 ਵਜੇ ਆਵਾਜ਼ ਚੁੱਕਣ ਦੀ ਅਪੀਲ ਕੀਤੀ ਸੀ। ਸੂ ਕੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ ਪਾਰਟੀ ਦੇ ਨੇਤਾ ਵਿਨ ਤਿਨ ਨੇ ਕਿਹਾ, “ਸਾਡੇ ਦੇਸ਼ ’ਤੇ ਤਖ਼ਤਾ ਪਲਟ ਦਾ ਸ਼ਰਾਪ ਹੈ ਅਤੇ ਇਸ ਲਈ ਸਾਡਾ ਦੇਸ਼ ਗ਼ਰੀਬ ਬਣਿਆ ਹੋਇਆ ਹੈ। ਮੈਂ ਅਪਣੇ ਸਾਥੀ ਨਾਗਰਿਕਾਂ ਅਤੇ ਉਨ੍ਹਾਂ ਦੇ ਭਵਿੱਖ ਲਈ ਚਿੰਤਤ ਹਾਂ।’’
ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਫ਼ੌਜ ਨੇ ਸਰਕਾਰੀ ਰਿਹਾਇਸ਼ੀ ਕੰਪਲੈਕਸ ਵਿਚ ਨਜ਼ਰਬੰਦ ਕੀਤੇ ਗਏ ਸੈਂਕੜੇ ਸੰਸਦ ਮੈਂਬਰਾਂ ’ਤੇ ਲੱਗੀਆਂ ਪਾਬੰਦੀਆਂ ਮੰਗਲਵਾਰ ਨੂੰ ਹਟਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਨਵੀਂ ਸਰਕਾਰ ਨੇ ਉਨ੍ਹਾਂ ਨੂੰ ਅਪਣੇ ਘਰ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਦਸਿਆ ਕਿ ਸੂ ਕੀ ਦੀ ਸਿਹਤ ਚੰਗੀ ਹੈ ਅਤੇ ਉਨ੍ਹਾਂ ਨੂੰ ਇਕ ਵਖਰੇ ਸਥਾਨ ’ਤੇ ਰਖਿਆ ਗਿਆ ਹੈ, ਜਿਥੇ ਉਨ੍ਹਾਂ ਨੂੰ ਕੁੱਝ ਹੋਰ ਸਮੇਂ ਤਕ ਰਖਿਆ ਜਾਵੇਗਾ। (ਪੀਟੀਆਈ)
ਹਾਲਾਂਕਿ ਇਸ ਬਿਆਨ ਦੀ ਪੁਸ਼ਟੀ ਨਹੀਂ ਹੋ ਸਕੀ ਹੈ।