
ਦਿੱਲੀ ਪੁਲਿਸ ਚਾਰੇ ਪਾਸਿਉਂ ਕਰ ਰਹੀ ਹੈ ਪੱਕੀ ਬੈਰੀਕੇਡਿੰਗ, ਕੀ ਹੈ ਸਰਕਾਰ ਦੀ ਅਸਲ ਮਨਸ਼ਾ?
ਕਿਸਾਨੀ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਪੁਲਿਸ ਸੜਕਾਂ 'ਤੇ ਤਿੱਖੀਆਂ ਮੇਖਾਂ ਤੇ ਕੰਕਰੀਟ ਦੀਆਂ ਦੀਵਾਰਾਂ ਬਣਾ ਰਹੀ ਹੈ
ਨਵੀਂ ਦਿੱਲੀ, 3 ਫ਼ਰਵਰੀ (ਹਰਦੀਪ ਸਿੰਘ ਭੋਗਲ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਬਿਲਾਂ ਵਿਰੁਧ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਉਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ | 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਭਾਜਪਾ ਸਰਕਾਰ ਅਤੇ ਸਥਾਨਕ ਲੋਕਾਂ ਵਲੋਂ ਕਿਸਾਨਾਂ ਨੂੰ ਸੰਘਰਸ਼ ਵਿਚੋਂ ਭਜਾਉਣ ਲਈ ਕਈ ਹੱਥਕੰਡੇ ਵਰਤੇ ਗਏ ਸਨ | ਉਥੇ ਹੀ ਲੋਕ ਕਿਸਾਨਾਂ ਵਲੋਂ ਕਿਸਾਨੀ ਸੰਘਰਸ਼ ਵਿਚ ਆਪ ਬੀਤੀ ਦਸ ਗਈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੁਣ ਬੁਖਲਾਹਟ ਵਿਚ ਆ ਚੁੱਕੀ ਹੈ ਤੇ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਹੁਣ ਕੀ ਕੀਤਾ ਜਾਵੇ |
ਕਿਸਾਨਾਂ ਨੂੰ ਦਿੱਲੀ ਵਿਚ ਦਖ਼ਲ ਨਾ ਹੋਣ ਤੇ ਕਿਸਾਨੀ ਅੰਦੋਲਨ ਨੂੰ ਤਾਰੋਪੀਡ ਕਰਨ ਲਈ ਪੁਲਿਸ ਸੜਕਾਂ ਉਤੇ ਤਿੱਖੀਆਂ ਮੇਖਾਂ ਤੇ ਕੰਕਰੀਟ ਦੀਆਂ ਦੀਵਾਰਾਂ ਬਣਾ ਰਹੀ ਹੈ | ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿੰਨੇ ਮਰਜ਼ੀ ਹੱਥਕੰਡੇ ਅਪਣਾ ਲਏ ਪਰ ਸਾਡੇ ਕੋਲ ਸਾਰੇ ਸੰਦ ਹਨ, ਅਸੀਂ ਛੋਟੀਆਂ-ਮੋਟੀਆਂ ਕੰਧਾਂ ਅਤੇ ਮੇਖਾਂ ਨੂੰ ਨਹੀਂ ਸਿਆਣਦੇ |
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਦੇਸ਼ ਦੇ ਕਿਸਾਨ ਹਨ ਪਰ ਦੁਸ਼ਮਣ ਨਹੀਂ ਜਿਨ੍ਹਾਂ ਲਈ ਤੁਸੀਂ ਤਿੱਖੀਆਂ ਮੇਖਾਂ ਜਾਂ ਦਿੱਲੀ ਦੇ ਬਾਰਡਰਾਂ ਉਤੇ ਕੰਧਾਂ ਬਣਾ ਰਹੇ ਹੋ | ਦਿੱਲੀ ਵਿਚ ਕੰਧਾਂ ਬਣਾਉਣ ਦੀ ਬਜਾਏ ਤੁਹਾਨੂੰ ਚੀਨ, ਪਾਕਿਸਤਾਨ ਦੇ ਬਾਰਡਰਾਂ ਉਤੇ ਕੰਧਾਂ ਬਣਾਉਣੀਆਂ ਚਾਹੀਦੀਆਂ ਹਨ | ਕਿਸਾਨਾਂ ਨੇ ਕਿਹਾ ਕਿ ਅਸੀਂ ਅਪਣੇ ਹੱਕ ਲਏ ਬਗ਼ੈਰ ਇਥੋਂ ਨਹੀਂ ਜਾਵਾਂਗੇ | ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਹੈ ਕਿ ਇਹ ਦੋਵੇਂ ਬਾਰਡਰਾਂ ਨੂੰ ਬੰਦ ਕਰ ਕੇ ਲੋਕਾਂ ਨੂੰ ਇਥੋਂ ਭਜਾਉਣ ਲਈ ਲਾਠੀਚਾਰਜ ਕਰੇਗੀ ਜਾਂ ਗੋਲੀਆਂ ਚਲਾਏਗੀ | ਸਰਕਾਰ ਇਹ ਸੋਚ ਕੇ ਇਥੇ ਕੰਕਰੀਟ ਦੀਆਂ ਦੀਵਾਰਾਂ, ਸੜਕਾਂ ਉਤੇ ਮੇਖਾਂ ਲਗਾ ਰਹੀ ਹੈ |