
ਫੜੇ ਕਿਸਾਨਾਂ ਦੀ ਬਿਨਾਂ ਸ਼ਰਤ ’ਤੇ ਰਿਹਾਈ ਤਕ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹÄ: ਉਗਰਾਹਾਂ
ਕਿਹਾ, ਕਿਸਾਨਾਂ ਦੀ ਰਿਹਾਈ ਲਈ ਹੋਣ ਵਾਲਾ ਸਾਰਾ ਕਾਨੂੰਨੀ ਖ਼ਰਚਾ ਕਰੇਗੀ ਜਥੇਬੰਦੀ
ਚੰਡੀਗੜ੍ਹ, 3 ਫ਼ਰਵਰੀ (ਭੁੱਲਰ): ਜਿੰਨਾਂ ਚਿਰ ਮੋਦੀ ਸਰਕਾਰ ਫੜੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਕੇ ਅਤੇ ਬਾਕੀ ਦੇ ਜਾਬਰ ਕਦਮ ਵਾਪਸ ਲੈ ਕੇ ਸੁਖਾਵਾਂ ਮਾਹੌਲ ਨਹੀ ਬਣਾਉਦੀ ਉਨ੍ਹਾਂ ਚਿਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਟਿਕਰੀ ਬਾਰਡਰ ਉਤੇ ਪਕੌੜਾ ਚੌਂਕ ਵਿਚ ਜੁੜੇ ਵਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਦੇ ਬਾਰਡਰਾਂ ਉਤੇ ਬੈਠੇ ਕਿਸਾਨਾਂ ਦੀ ਪੁਲਿਸ ਫ਼ੋਰਸ ਵਲੋਂ ਕੀਤੀ ਘੇਰਾਬੰਦੀ ਖ਼ਤਮ ਕੀਤੀ ਜਾਵੇ, ਬਿਜਲੀ-ਪਾਣੀ, ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਜਾਣ, 26 ਜਨਵਰੀ ਵਾਲੀ ਘਟਨਾ ਨਾਲ ਜੋੜ ਕੇ ਜੇਲਾਂ ਵਿਚ ਬੰਦ ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਥਾਣਿਆਂ ਵਿਚ ਜ਼ਬਤ ਕੀਤਾ ਸਾਮਾਨ ਵਾਪਸ ਕੀਤਾ ਜਾਵੇ, ਕਿਸਾਨ ਆਗੂਆਂ ਉਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ।
ਜੇਲਾਂ ਵਿਚ ਬੰਦ ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਜਥੇਬੰਦੀ ਦੀਆਂ ਟੀਮਾਂ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਲਗਭਗ 65 ਕਿਸਾਨਾਂ ਬਾਰੇ ਪਤਾ ਲੱਗ ਚੁਕਿਆ ਹੈ ਜਦੋਂ ਕਿ ਬਾਕੀਆਂ ਦੀ ਪੜਤਾਲ ਜਾਰੀ ਹੈ। ਉਨ੍ਹਾਂ ਹਾਲੇ ਵੀ ਗੁੰਮਸ਼ੁਦਾ ਕਿਸਾਨਾਂ ਬਾਰੇ ਪੀੜਤ ਪਰਵਾਰਾਂ ਨੂੰ 9417539714 ਉਤੇ ਸੂਚਨਾ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀ ਰਿਹਾਈ ਲਈ ਹੋਣ ਵਾਲਾ ਸਾਰਾ ਕਾਨੂੰਨੀ ਖਰਚਾ ਜਥੇਬੰਦੀ ਵਲੋਂ ਕੀਤਾ ਜਾਵੇਗਾ।