
ਦੀਪ ਸਿੱਧੂ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ : ਦਿੱਲੀ ਪੁਲਿਸ
ਨਵੀਂ ਦਿੱਲੀ, 3 ਫ਼ਰਵਰੀ: ਦੀਪ ਸਿੱਧੂ ਦਾ ਨਾਂ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਮਗਰੋਂ ਕਾਫੀ ਸੁਰਖ਼ੀਆਂ 'ਚ ਆਇਆ | ਇਸ ਵਿਚਕਾਰ ਹੁਣ ਦਿੱਲੀ ਪੁਲਿਸ ਨੇ ਵੱਡਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ | ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਰਖਿਆ ਹੈ | ਉਥੇ ਹੀ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ 'ਤੇ ਦਿੱਲੀ ਪੁਲਿਸ ਵਲੋਂ 50-50 ਹਜ਼ਾਰ ਰੁਪਏ ਦਾ ਇਨਾਮ ਰਖਿਆ ਹੈ | ਬੀਤੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਉਣ ਦੇ ਮਾਮਲੇ 'ਚ ਦਿੱਲੀ ਪੁਲਿਸ ਦੀਪ ਸਿੱਧੂ ਦੀ ਭਾਲ ਕਰ ਰਹੀਂ ਹੈ | ਦੀਪ ਸਿੱਧੂ ਪੁਲਿਸ ਦੇ ਹੱਥ ਤਾਂ ਨਹੀਂ ਆ ਰਿਹਾ ਪਰ 26 ਜਨਵਰੀ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਹੈ | ਦਿੱਲੀ ਤੋਂ ਭੱਜਣ ਤੋਂ ਬਾਅਦ ਦੀਪ ਸਿੱਧੂ ਦੀ ਲੋਕੇਸ਼ਨ ਹਰਿਆਣਾ ਸੀ | ਉਸ ਤੋਂ ਬਾਅਦ ਉਸ ਦੀ ਲੋਕੇਸ਼ਨ ਪੰਜਾਬ ਹੋ ਗਈ | ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਬਿਹਾਰ 'ਚ ਹੋ ਸਕਦਾ ਹੈ ਪਰ ਉਹ ਪਕੜ 'ਚ ਨਹੀਂ ਆਇਆ |
ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਜਾਂਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਤੇ ਕ੍ਰਾਇਮ ਬ੍ਰਾਂਚ ਕਰ ਰਹੀ ਹੈ | ਪੁਲਿਸ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਹਿੰਸਾ ਇਕ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਸੀ | ਇਸ ਘਟਨਾ 'ਚ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਨਾਂ ਵੀ ਸਾਹਮਣੇ ਆਇਆ ਹੈ | (ਏਜੰਸੀ)image