
ਕਿਸਾਨਾਂ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਰੁਕੀ
ਲੜਨਾ ਹੈ ਤਾਂ ਪਾਕਿਸਤਾਨ ਤੇ ਚੀਨ ਨਾਲ ਲੜੋ, ਕਿਸਾਨਾਂ ਨਾਲ ਨਹੀਂ : ਗ਼ੁਲਾਮ ਨਬੀ ਆਜ਼ਾਦ
ਨਵੀਂ ਦਿੱਲੀ, 3 ਫ਼ਰਵਰੀ: ਵਿਵਾਦਾਂ ਵਿਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ਕਾਰਨ ਬੁਧਵਾਰ ਨੂੰ ਲੋਕ ਸਭਾ ਵਿਚ ਪ੍ਰਸ਼ਨਕਾਲ ਦੀ ਕਾਰਵਾਈ ਨਹੀਂ ਹੋ ਸਕੀ ਅਤੇ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਮੀਟਿੰਗ ਨੂੰ ਸ਼ਾਮ 7 ਵਜੇ ਤਕ ਮੁਲਤਵੀ ਕਰ ਦਿਤਾ ਗਿਆ |
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੰਸਦੀ ਨਿਯਮਾਂ ਦੀ ਉਲੰਘਣਾ ਉੱਤੇ ਉਨ੍ਹਾਂ ਨੂੰ ਕਾਰਵਾਈ ਕਰਨੀ ਪਏਗੀ | ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪ੍ਰਸ਼ਨ ਕਾਲ ਮੁਅੱਤਲ ਕਰਨ ਅਤੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਸ਼ੁਰੂ ਕਰਨ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦੁਨੀਆਂ ਵਿਚ ਭਾਰਤ ਦਾ ਅਕਸ ਖ਼ਰਾਬ ਹੋ ਰਿਹਾ ਹੈ | ਬਿਰਲਾ ਨੇ ਇਸ ਦੀ ਇਜਾਜ਼ਤ ਨਾ ਦਿਤੀ ਅਤੇ ਪ੍ਰਸ਼ਨ ਕਾਲ ਚਲਾਉਣ ਦਾ ਨਿਰਦੇਸ਼ ਦਿਤਾ |
ਇਸ ਦੌਰਾਨ ਕਾਂਗਰਸ ਦੇ ਕੁਝ ਮੈਂਬਰ, ਤਿ੍ਣਮੂਲ ਕਾਂਗਰਸ, ਡੀਐਮਕੇ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਨੇੜੇ ਆ ਗਏ | ਉਹ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪਣੀ ਮੰਗ ਦੁਹਰਾ ਰਹੇ ਸਨ |
ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਵਤੀਰੇ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸਪੀਕਰ ਬਿਰਲਾ ਨੇ ਕਿਹਾ ਕਿ ਕੁਝ ਮੈਂਬਰ ਸੰਸਦੀ ਨਿਯਮਾਂ ਦੀ ਬਹੁਤ ਜ਼ਿਆਦਾ ਉਲੰਘਣਾ ਕਰਦੇ ਹਨ ਅਤੇ ਵਾਰ ਵਾਰ ਅਜਿਹਾ ਹੋਣ ਉੱਤੇ ਅਨੁਸ਼ਾਸਨੀ ਕਾਰਵਾਈ ਕਰਨੀ ਪਵੇਗੀ | ਉਨ੍ਹਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਅਪਣੀਆਂ ਸੀਟਾਂ 'ਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਾਰੇ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਲਈ ਤਿਆਰ ਹਨ ਅਤੇ ਇਸ ਸਬੰਧੀ ਸਰਕਾਰ ਨੂੰ ਵੀ ਅਪੀਲ ਕਰਨਗੇ | ਹਾਲਾਂਕਿ, ਕਾਂਗਰਸ, ਤਿ੍ਣਮੂਲ ਕਾਂਗਰਸ, ਡੀਐਮਕੇ ਅਤੇ 'ਆਪ' ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਹਰੇਬਾਜ਼ੀ ਜਾਰੀ ਰਹੀ, ਜਿਸ ਕਾਰਨ ਚੇਅਰਮੈਨ ਬਿਰਲਾ ਨੇ ਕਾਰਵਾਈ ਸ਼ਾਮ 4.30 ਵਜੇ ਤਕ ਮੁਲਤਵੀ ਕਰ ਦਿਤੀ |
ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੇ ਮੁੱਦੇ 'ਤੇ ਅੱਜ ਰਾਜ ਸਭਾ ਵਿਚ ਭਾਰੀ ਹੰਗਾਮਾ ਹੋਇਆ | ਇਸ ਦੇ ਚਲਦਿਆਂ ਕਾਂਗਰਸ ਸੰਸਦ ਮੈਂਬਰ ਗ਼ੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਸਣੇ ਹੋਰ ਧਿਰਾਂ ਨੇ ਖੇਤੀ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਰਾਜ ਸਭਾ ਵਿਚ ਚਰਚਾ ਲਈ ਨੋਟਿਸ ਦਿਤਾ | ਇਸ ਦੌਰਾਨ ਕਿਸਾਨ ਮੁੱਦੇ 'ਤੇ ਚਰਚਾ ਲਈ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਸਹਿਮਤੀ ਬਣ ਗਈ |
ਰਾਜ ਸਭਾ ਵਿਚ ਕਾਂਗਰਸ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਲਈ ਕਾਨੂੰਨ ਬਣਾਏ ਗਏ, ਜਿਨ੍ਹਾਂ ਨੂੰ ਕਿਸਾਨਾਂ ਨੇ ਪਸੰਦ ਨਹੀਂ ਕੀਤਾ, ਤਾਂ ਉਨ੍ਹਾਂ ਨੂੰ ਵਾਪਸ ਲਿਆ ਗਿਆ | ਜਦੋਂ ਇਸ ਵਾਰ ਵੀ ਕਿਸਾਨ ਖੇਤੀ ਕਾਨੂੰਨਾਂ ਨੂੰ ਪਸੰਦ ਕਰ ਰਹੇ ਤਾਂ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ |
ਉਨ੍ਹਾਂ ਕਿਹਾ ਦੇਸ਼ ਲਈ ਕਿਸਾਨ ਅਤੇ ਜਵਾਨ ਜ਼ਰੂਰੀ ਹੈ | ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਨ੍ਹਾਂ ਨਾਲ ਲੜਨਾ ਨਹੀਂ ਚਾਹੀਦਾ | ਲੜਨਾ ਹੈ ਤਾਂ ਪਾਕਿਸਤਾਨ ਅਤੇ ਚੀਨ ਨਾਲ ਲੜੋ ਕਿਸਾਨਾਂ ਨਾਲ ਨਹੀਂ | ਕਿਸਾਨਾਂ ਨਾਲ ਲੜ ਕੇ ਕੁਝ ਨਹੀਂ ਮਿਲੇਗਾ |
ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸਾਨਾਂ ਦੀ ਤਾਕਤ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਨ੍ਹਾਂ ਨਾਲ ਲੜਾਈ ਕਰ ਕੇ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ | ਕਾਂਗਰਸ ਆਗੂ ਨੇ 1900 ਦੇ ਦਹਾਕੇ ਵਿਚ ਪੰਜਾਬ ਵਿਚ ਹੋਏ ਕਿਸਾਨ ਅੰਦੋਲਨਾਂ ਦੌਰਾਨ ਮਸ਼ਹੂਰ ਗੀਤ 'ਪਗੜੀ ਸੰਭਾਲ ਜੱਟਾ ਪਗੜੀ ਸੰਭਾਲ' ਦੀਆਂ ਕੁਝ ਪੰਕਤੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸਾਨਾਂ ਨੇ ਅੰਗਰੇਜ਼ ਸਰਕਾਰ ਨੂੰ ਅਪਣੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿਤਾ ਸੀ |
ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਕਿਸਾਨੀ ਮੁੱਦੇ 'ਤੇ ਚਰਚਾ ਲਈ ਅੜੀਆਂ ਰਹੀਆਂ | ਇਸ ਦੌਰਾਨ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਸਦਨ ਵਿਚ ਨਾਹਰੇਬਾਜ਼ੀ ਕੀਤੀ | ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣ ਲਈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐਨ ਡੀ ਗੁਪਤਾ ਨੂੰ ਦਿਨ ਭਰ ਲਈ ਮੁਅੱਤਲ ਕਰ ਦਿਤਾ | (ਏਜੰਸੀ)