
ਭਾਜਪਾ ‘ਵੱਡੇ ਕਾਰਪੋਰੇਟ ਮਿੱਤਰਾਂ’ ਲਈ ਕੰਮ ਕਰ ਰਹੀ ਹੈ, ਉਸ ਨੂੰ ਗ਼ਰੀਬਾਂ ਦੀ ਚਿੰਤਾ ਨਹੀਂ : ਪ੍ਰਿਅੰਕਾ ਗਾਂਧੀ
ਗਾਜ਼ੀਆਬਾਦ, 4 ਫ਼ਰਵਰੀ : ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੂੰ ਗ਼ਰੀਬਾਂ ਅਤੇ ਛੋਟੇ ਵਪਾਰੀਆਂ ਦੀ ਕੋਈ ਚਿੰਤਾ ਨਹੀਂ ਹੈ ਬਲਕਿ ਉਹ ਅਪਣੇ ‘ਵਡੇ ਕਾਰਪੋਰੇਟ ਮਿੱਤਰਾਂ’ ਲਈ ਕੰਮ ਕਰ ਰਹੀ ਹੈ। ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੀ ਉਤਰ ਪ੍ਰਦੇਸ਼ ਇੰਚਾਰਜ ਪ੍ਰਿਅੰਕਾ ਗਾਂਧੀ ਨੇ ਗਾਜਿਆਬਾਦ ’ਚ ਘਰ ਘਰ ਪ੍ਰਚਾਰ ਮੁਹਿੰਮ ’ਚ ਸਮੂਲੀਅਤ ਕੀਤੀ।
ਉਨ੍ਹਾਂ ਉਮੀਦ ਜਤਾਈ ਕਿ ਪਾਰਟੀ ਦੇ ਚੋਣ ਪ੍ਰੋਗਰਾਮਾਂ ’ਚ ਜੁਟ ਰਹੀ ਭੀੜ ਸੂਬੇ ਦੀ ਰਾਜਨੀਤੀ ’ਚ ‘ਬਦਲਾਅ ਦੀ ਲਹਿਰ’ ’ਚ ਤਬਦੀਲ ਹੋਵੇਗੀ। ਗਾਂਧੀ ਨੇ ਕਿਹਾ, ‘‘ਅਸੀਂ ਜਿਥੇ ਵੀ ਪ੍ਰਚਾਰ ਕਰ ਰਹੇ ਹਾਂ, ਅਸੀਂ ਦੇਖਦੇ ਹਾਂ ਕਿ ਲੋਕ ਖ਼ੁਸ਼ ਹਨ। ਮੈਨੂੰ ਉਮੀਦ ਹੈ ਕਿ ਇਹ ਖ਼ੁਸ਼ੀ ਉਤਰ ਪ੍ਰਦੇਸ਼ ਦੀ ਰਾਜਨੀਤੀ ’ਚ ਬਦਲਾਅ ਦੀ ਲਹਿਰ ’ਚ ਤਬਦੀਲ ਹੋਵੇਗੀ। ਭਾਜਪਾ ’ਤੇ ਨਿਸ਼ਾਨ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਆਗੂ ਨੇ ਕਿਹਾ, ‘‘ਨੋਟਬੰਦੀ ਅਤੇ ਤਾਲਾਬੰਦੀ ਕੀਤ ਗਈ ਪਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਵਿਚ ਨਾਕਾਮ ਰਹੀ। ਇਹ ਸਰਕਾਰ ਸਿਰਫ਼ ਅਪਣੇ ਵਡੇ ਕਾਰਪੋਰੇਟ ਮਿੱਤਰਾਂ ਲਈ ਕੰਮ ਕਰਦੀ ਹੈ। ਇਥੇ ਛੋਟੇ ਵਪਾਰੀਆਂ, ਗ਼ਰੀਬਾਂ ਅਤੇ ਹੋਰ ਲੋਕਾਂ ਲਈ ਕੋਈ ਥਾਂ ਨਹੀਂ ਹੈ।’’ (ਏਜੰਸੀ)