
ਚੰਨੀ ਦੀ ਭਦੌੜ ਤੋਂ ਜਿੱਤ ਪੱਕੀ : ਸੁਸ਼ੀਲ ਬਾਂਸਲ
ਅੱਜ ਹਲਕਾ ਭਦੌੜ ਵਿਖੇ ਪਹੁੰਚ ਰਹੇ ਹਨ ਚਰਨਜੀਤ ਸਿੰਘ ਚੰਨੀ
ਬਰਨਾਲਾ, 3 ਫ਼ਰਵਰੀ (ਕੁਲਦੀਪ ਗਰੇਵਾਲ) : ਸਹਿਣਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਸੁਸ਼ੀਲ ਬਾਂਸਲ ਨੇ ਕਿਹਾ ਹੈ ਕਿ ਹਲਕਾ ਭਦੌੜ ਤੋਂ ਚਰਨਜੀਤ ਸਿੰਘ ਚੰਨੀ ਦੀ ਜਿੱਤ ਪੱਕੀ ਹੈ | ਅੱਜ ਭਦੌੜ ਵਿਖੇ ਚਰਨਜੀਤ ਸਿੰਘ ਚੰਨੀ ਦੇ ਦੌਰੇ ਹਨ ਜਿਸ ਵਿਚ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਅਪਣਾ ਚੋਣ ਪ੍ਰਚਾਰ ਕਰਨਗੇ |
ਸੁਸ਼ੀਲ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਜਿਸ ਹਲਕੇ ਦਾ ਹੁੰਦਾ ਹੈ ਸਾਰਾ ਵਿਕਾਸ ਉਸੇ ਹਲਕੇ ਵਿਚ ਚਲਿਆ ਜਾਂਦਾ ਹੈ | ਸਾਡੇ ਜ਼ਿਲ੍ਹੇ ਵਿਚ ਸੁਰਜੀਤ ਸਿੰਘ ਬਰਨਾਲੇ ਤੋਂ ਬਾਅਦ ਕੋਈ ਵੱਡਾ ਲੀਡਰ ਪੈਦਾ ਨਹੀਂ ਹੋਇਆ | ਜਿਸ ਕਾਰਨ ਸਾਡਾ ਹਲਕਾ ਪਛੜਿਆ ਏਰੀਆ ਕਹਾਉਂਦਾ ਹੈ | ਉਨ੍ਹਾਂ ਸੈਨਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਏਰੀਏ ਵਿਚ ਕੋਈ ਵੀ ਯੂਨੀਵਰਸਿਟੀ ਨਹੀਂ ਹੈ ਨਾ ਹੀ ਕੋਈ ਹਸਪਤਾਲ ਹੈ ਵੱਡੇ ਪ੍ਰਾਜੈਕਟ ਲਿਆਉਣ ਲਈ ਸਾਨੂੰ ਮੁੱਖ ਮੰਤਰੀ ਚੰਨੀ ਨੂੰ ਹਲਕਾ ਭਦੌੜ ਤੋਂ ਜਿੱਤ ਦਿਵਾਉਣੀ ਹੋਵੇਗੀ ਜਿਸ ਨਾਲ ਅਸੀਂ ਸਾਡੇ ਹਲਕੇ ਦਾ ਵਿਕਾਸ ਕਰਵਾ ਸਕਦੇ ਹਾਂ |
ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦਰਬਾਰ ਸਿੰਘ ਵੀ ਪਹੁੰਚੇ ਹੋਏ ਹਨ ਉਨ੍ਹਾਂ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਹਨ ਅਤੇ ਉਨ੍ਹਾ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿਚ ਵਿਕਾਸ ਦੇਖਿਆ ਹੈ | ਕਿਸ ਤਰ੍ਹਾਂ ਗਲੀਆਂ-ਨਾਲੀਆਂ ਬਣੀਆਂ ਹਨ ਅਤੇ ਹਰ ਇਕ ਚੀਜ਼ ਸੁਚੱਜੇ ਢੰਗ ਨਾਲ ਹਲਕੇ ਵਿਚ ਹੋਈ ਹੈ | ਉਨ੍ਹਾਂ ਭਦੌੜ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਚਰਨਜੀਤ ਸਿੰਘ ਚੰਨੀ ਵਰਗੇ ਨੇਕ ਇਨਸਾਨ ਨੂੰ ਵੋਟਾਂ ਵਿਚ ਜਿਤਾ ਦੇਣ ਤਾਂ ਜੋ ਉਨ੍ਹਾਂ ਦੇ ਹਲਕੇ ਦਾ ਵਿਕਾਸ ਚਰਨਜੀਤ ਸਿੰਘ ਚੰਨੀ ਕਰਵਾ ਸਕਣ | ਸੁਖਵਿੰਦਰ ਸਿੰਘ ਕਲਕੱਤਾ ਸਰਪੰਚ ਨੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਏ ਹਨ,ਜਿਥੇ ਚੰਨੀ ਨੇ ਕਿਹਾ ਹੈ ਕਿ ਉਹ ਹਲਕਾ ਭਦੌੜ ਲੱਖਾਂ ਦੀਆਂ ਗਰਾਂਟਾਂ ਨਹੀਂ ਸਗੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇਣਗੇ ਹਲਕਾ ਭਦੌਡਦਾ ਵਿਕਾਸ ਪੰਜਾਬ ਦੇ ਪਹਿਲੇ ਨੰਬਰ ਤੇ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਇਸ ਵੱਡੇ ਲੀਡਰ ਨੂੰ ਜਿਤਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਅਪਣੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕੀਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਬਜਾਜ, ਵਿਜੇ ਭਦੌੜ, ਸ਼ੁਸ਼ੀਲ ਬਾਂਸਲ,ਮੱਖਣ ਨੈਣੇਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |