
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੀਂਹ ਤੇ ਸੀਤ ਹਵਾਵਾਂ ਕਾਰਨ ਠੰਢ ਵਧੀ
ਚੰਡੀਗੜ੍ਹ, 3 ਫ਼ਰਵਰੀ (ਸਸਸ): ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਲੰਘੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ | ਮੀਂਹ ਦੇ ਨਾਲ-ਨਾਲ ਚਲ ਰਹੀਆਂ ਸੀਤ ਹਵਾਵਾਂ ਕਾਰਨ ਠੰਢ ਵੱਧ ਗਈ ਹੈ ਤੇ ਤਾਪਮਾਨ ਵੀ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ | ਫ਼ਰਵਰੀ ਮਹੀਨੇ ਦੀ ਸ਼ੁਰੂਆਤ 'ਚ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ | ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਦੇਰ ਰਾਤ 12 ਵਜੇ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ, ਜੋ ਲਗਾਤਾਰ ਜਾਰੀ ਹੈ |
ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਰਾਤ ਭਰ 'ਚ ਰਾਜਧਾਨੀ ਚੰਡੀਗੜ੍ਹ ਵਿਚ 3.1 ਐਮਐਮ, ਲੁਧਿਆਣਾ 'ਚ 10.2 ਐਮਐਮ, ਅੰਮਿ੍ਤਸਰ, ਪਟਿਆਲਾ, ਫ਼ਰੀਦਕੋਟ, ਪਠਾਨਕੋਟ 'ਚ 6 ਐਮਐਮ, ਬਠਿੰਡਾ 'ਚ 5 ਐਮਐਮ, ਗੁਰਦਾਸਪੁਰ 'ਚ 7.8 ਐਮਐਮ, ਬਰਨਾਲਾ 'ਚ 7 ਐਮਐਮ ਮੀਂਹ ਦਰਜ ਕੀਤਾ ਗਿਆ ਹੈ | ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ 'ਚ 8.2 ਐਮਐਮ, ਕਰਨਾਲ 'ਚ 5.2 ਐਮਐਮ, ਰੋਹਤਕ 'ਚ 1.2 ਐਮਐਮ, ਸਿਰਸਾ 'ਚ 2 ਐਮਐਮ, ਕੁਰੂਕਸ਼ੇਤਰ 'ਚ 13 ਐਮਐਮ, ਪੰਚਕੂਲਾ 'ਚ 3 ਐਮਐਮ, ਸੋਨੀਪਤ 'ਚ 4 ਐਮਐਮ ਅਤੇ ਯਮੁਨਾਨਗਰ 'ਚ 4.5 ਐਮਐਮ ਮੀਂਹ ਦਰਜ ਕੀਤਾ ਹੈ | ਸਵੇਰੇ ਪਾਰਾ 7 ਡਿਗਰੀ ਸੈਲਸੀਅਸ 'ਤੇ ਰਿਹਾ, ਜਦਕਿ ਏਅਰ ਕੁਆਲਿਟੀ ਇੰਡੈਕਸ 101 'ਤੇ ਰਿਹਾ | ਭਾਵੇਂ ਹੁਣ ਮੀਂਹ ਬੰਦ ਹੋ ਗਿਆ ਹੈ ਪਰ ਜਿਸ ਤਰ੍ਹਾਂ ਨਾਲ ਮੌਸਮ ਬਣਿਆ ਹੋਇਆ ਹੈ, ਉਸ ਮੁਤਾਬਕ ਅੱਜ ਮੌਸਮ ਸਾਫ਼ ਨਹੀਂ ਹੋਵੇਗਾ, ਦਿਨ ਵੇਲੇ ਵੀ ਮੀਂਹ ਪੈ ਸਕਦਾ ਹੈ | ਦਿਨ ਭਰ ਅਸਮਾਨ ਵਿਚ ਬੱਦਲ ਛਾਏ ਰਹਿਣਗੇ | ਮੌਸਮ ਵਿਭਾਗ ਅਨੁਸਾਰ 5 ਤੋਂ 7 ਫ਼ਰਵਰੀ ਤਕ ਬੱਦਲ ਛਾਏ ਰਹਿਣਗੇ | ਇਸ ਦੌਰਾਨ ਕਈ ਜ਼ਿਲਿ੍ਹਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ | ਇਸ ਕਾਰਨ ਫ਼ਿਲਹਾਲ ਠੰਢ ਤੋਂ ਰਾਹਤ ਨਹੀਂ ਮਿਲੇਗੀ | 8 ਫ਼ਰਵਰੀ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ | ਉਧਰ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਮੂੰਹ 'ਤੇ ਪਲੀਤਣ ਲਿਆ ਦਿਤੀ ਹੈ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਨੇ ਜਿਥੇ ਸਬਜ਼ੀਆਂ ਖ਼ਰਾਬ ਕਰ ਦਿਤੀਆਂ ਹਨ ਉਥੇ ਹੀ ਕਿਸਾਨਾਂ ਨੂੰ ਡਰ ਹੈ ਕਿ ਕਿਧਰੇ ਕਣਕ ਦੀ ਫ਼ਸਲ 'ਤੇ ਵੀ ਮਾੜਾ ਅਸਰ ਨਾ ਪੈ ਜਾਵੇ |