
ਸਾਬਕਾ ਉਲੰਪਿਕ ਖਿਡਾਰੀ ਵਲੋਂ ਇਮਰਾਨ ਦੀ ਆਲੋਚਨਾ ਕਰਨ ’ਤੇ ਲਾਈ 10 ਸਾਲ ਦੀ ਪਾਬੰਦੀ
ਇਸਲਾਮਾਬਾਦ, 4 ਫ਼ਰਵਰੀ : ਬੀਤੇ ਸਾਲਾਂ ਵਿਚ ਹਾਕੀ ਦੀ ਬਿਹਤਰੀ ਲਈ ਕੁੱਝ ਨਾ ਕਰਨ ’ਤੇ ਜਦੋਂ ਸਾਬਕਾ ਉਲੰਪਿਕ ਖਿਡਾਰੀ ਰਾਸ਼ਿਦ ਉਲ ਹਸਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਇਨਾ ਦਿਖਾਇਆ ਤਾਂ ਉਸ ਦਾ ਖਮਿਆਜ਼ਾ ਖਿਡਾਰੀ ਨੂੰ ਭੁਗਤਣਾ ਪਿਆ ਹੈ। ਪਾਕਿਸਤਾਨ ਹਾਕੀ ਫ਼ੈਡਰੇਸ਼ਨ (ਪੀ.ਐਚ.ਐਫ.) ਨੇ ਉਨ੍ਹਾਂ ’ਤੇ 10 ਸਾਲਾਂ ਲਈ ਪਾਬੰਦੀ ਲਗਾ ਦਿਤੀ ਹੈ। ਪੀ.ਐਚ.ਐਫ਼. ਵਲੋਂ ਰਾਸ਼ਿਦ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਲਈ ਗ਼ਲਤ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਪੀ.ਐਚ.ਐਫ਼. ਨੇ ਕਿਹਾ ਕਿ ਰਾਸ਼ਿਦ ਨੇ ਸੋਸ਼ਲ ਮੀਡੀਆ ਜ਼ਰੀਏ ਦੇਸ਼ ਦੀ ਹਾਕੀ ਦੀ ਸਾਖ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਰਾਸ਼ਿਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੀ.ਐਮ. ਵਿਰੁਧ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਅਪਣੀ ਗੱਲ ਰੱਖਣ ਦਾ ਹੱਕ ਹੈ। ਰਾਸ਼ਿਦ ਨੇ ਅਪਣੀ ਸਫ਼ਾਈ ਵਿਚ ਕਿਹਾ ਹੈ ਕਿ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਸੀ ਕਿ ਪੀ.ਐਮ. ਇਮਰਾਨ ਖ਼ਾਨ ਨੇ ਹਾਕੀ ਦੀ ਬਿਹਤਰੀ ਲਈ ਜਿਹੜੇ ਵਾਅਦੇ ਕੀਤੇ ਸਨ, ਬੀਤੇ ਸਾਲਾਂ ਵਿਚ ਉਨ੍ਹਾਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਕੁੱਝ ਨਹੀਂ ਕੀਤਾ। ਦੱਸ ਦਈਏ ਕਿ ਰਾਸ਼ਿਦ 1984 ਵਿਚ ਉਲੰਪਿਕ ਦਾ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।
ਇਮਰਾਨ ਖਾਨ ਦੀ ਆਲੋਚਨਾ ਕਰਨ ਉਪਰੰਤ ਪੀ.ਐਚ.ਐਫ਼. ਨੇ ਉਨ੍ਹਾਂ ਵਿਰੁਧ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਬਿਆਨਾਂ ਲਈ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਸੀ ਪਰ ਉਹ ਜਵਾਬ ਦੇਣ ਲਈ ਉਥੇ ਮੌਜੂਦ ਨਹੀਂ ਹੋਏ, ਜਿਸ ਕਾਰਨ ਉਨ੍ਹਾਂ ’ਤੇ ਪਾਬੰਦੀ ਲਗਾਈ ਗਈ ਹੈ।
ਪੀ.ਐਮ. ਇਮਰਾਨ ਖ਼ਾਨ ਪੀ.ਐਚ.ਐਫ਼. ਦੇ ਚੀਫ਼ ਪੇਟ੍ਰੋਨ ਹਨ। ਰਾਸ਼ਿਦ ’ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੀ ਜਾਣਕਾਰੀ ਪੀ.ਐਚ.ਐਫ਼. ਦੇ ਪ੍ਰਧਾਨ ਬ੍ਰਿਗੇਡੀਅਰ ਖ਼ਾਲਿਦ ਸੱਜਾਦ ਖੋਖਰ ਅਤੇ ਸਕੱਤਰ ਆਸਿਫ਼ ਬਾਜਵਾ ਨੇ ਪ੍ਰੈੱਸ ਰਿਲੀਜ ਜ਼ਰੀਏ ਦਿਤੀ। (ਏਜੰਸੀ)
ਇਸ ਵਿਚ ਕਿਹਾ ਗਿਆ ਹੈ ਕਿ ਰਾਸ਼ਿਦ ਨੂੰ ਦੋ ਵਾਰ ਨੋਟਿਸ ਭੇਜਿਆ ਗਿਆ ਸੀ, ਜਿਸ ਦਾ ਉਸ ਨੇ ਕੋਈ ਜਵਾਬ ਨਹੀਂ ਦਿਤਾ। ਇਸ ਦੀ ਜਾਣਕਾਰੀ ਨੈਸ਼ਨਲ ਅਸੈਂਬਲੀ ਦੀ ਸਟੈਂਡਿੰਗ ਕਮੇਟੀ ਨੂੰ ਵੀ ਦੇ ਦਿਤੀ ਗਈ ਹੈ। (ਏਜੰਸੀ)