
ਬੀਜਿੰਗ ਸੀਤਕਾਲੀਨ ਉਲੰਪਿਕ ਦਾ ਵਿਰੋਧ ਕਰਨ ਤੋਂ ਪਹਿਲਾਂ ਹਾਂਗਕਾਂਗ ਦਾ ਕਾਰਕੁਨ ਗ੍ਰਿਫ਼ਤਾਰ
ਹਾਂਗਕਾਂਗ, 4 ਫ਼ਰਵਰੀ : ਹਾਂਗਕਾਂਗ ਦੇ ਇਕ ਸੀਨੀਅਰ ਕਾਰਕੁਨ ਨੂੰ ਸ਼ੁਕਰਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਸ਼ਹਿਰ ਵਿਚ ਸਰਕਾਰੀ ਦਫ਼ਤਰਾਂ ਦੇ ਬਾਹਰ ਬੀਜਿੰਗ ਸੀਤਾਕਾਲੀਨ ਉਲੰਪਿਕ ਦਾ ਵਿਰੋਧ ਕਰਨ ਦੀ ਯੋਜਨਾ ਦੀ ਘੋਸ਼ਣਾ ਕੀਤੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿਤੀ। ਸਥਾਨਕ ਅਖ਼ਬਾਰ ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਕੁਨ ਕੂ ਸਜ਼ੇ-ਯੀਉ ਨੂੰ ਉਸ ਦੇ ਘਰੋਂ ਸਵੇਰੇ-ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੂ ਨੇ ਮੀਡੀਆ ਨੂੰ ਇਕ ਬਿਆਨ ਦਿਤਾ ਸੀ, ਜਿਸ ਵਿਚ ਉਸ ਨੇ ਇਕ ਪਟੀਸ਼ਨ ਦੀ ਘੋਸ਼ਣਾ ਲਈ ਮੀਡੀਆ ਨੂੰ ਸੱਦਾ ਦਿਤਾ ਸੀ, ਜਿਸ ਨੂੰ ਉਸ ਨੇ ਸ਼ੁਕਰਵਾਰ ਸਵੇਰੇ 10 ਵਜੇ ਚੀਨ ਦੇ ਸੰਪਰਕ ਦਫ਼ਤਰ ਦੇ ਸਾਹਮਣੇ ਪੇਸ਼ ਕਰਨ ਦੀ ਯੋਜਨਾ ਬਣਾਈ ਸੀ। ਚੀਨ ਦੀ ਸਰਕਾਰ ਦਾ ਇਹ ਦਫਤਰ ਹਾਂਗਕਾਂਗ ਵਿਚ ਚੀਨ ਦਾ ਪ੍ਰਮੁੱਖ ਤੌਰ ’ਤੇ ਸਮਰਥਨ ਕਰਦਾ ਹੈ। ਕੂ ਨੇ ਬਿਆਨ ਵਿਚ ਕਿਹਾ ਕਿ ਚੀਨ ਹਾਂਗਕਾਂਗ ਵਿਚ ਕੈਦ ਦੇ ਅਨਿਆਂਪੂਰਨ ਮਾਮਲਿਆਂ ਨੂੰ ਅਣਡਿੱਠਾ ਕਰਦੇ ਹੋਏ ਬੀਜਿੰਗ ਸੀਤਕਾਲੀਨ ਖੇਡਾਂ ਦਾ ਆਯੋਜਨ ਕਰ ਰਿਹਾ ਹੈ। ਸੀਨੀਅਰ ਕਾਰਕੁਨ ਨੇ ਕਿਹਾ ਕਿ ਹਾਂਗਕਾਂਗ ਵਿਚ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। (ਏਜੰਸੀ)