
ਰਾਜਸਥਾਨ ’ਚ ਹਟਿਆ ਰਾਤ ਦਾ ਕਰਫ਼ਿਊ, ਖੁਲ੍ਹਣਗੇ ਸਾਰੇ ਧਾਰਮਕ ਸਥਾਨ
ਜੈਪੁਰ, 4 ਫ਼ਰਵਰੀ : ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੀਆਂ ਗਈਆਂ ਪਾਬੰਦੀਆਂ ’ਚ ਢਿੱਲ ਦਿੰਦੇ ਹੋਏ ਰਾਤਰੀ ਕਰਫ਼ਿਊ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ’ਚ ਧਾਰਮਕ ਸਥਾਨ ਹੁਣ ਅਪਣੇ ਸਮੇਂ ਅਨੁਸਾਰ ਖੁਲ੍ਹ ਸਕਣਗੇ ਜਦਕਿ ਵਿਆਹ ਸਮਾਰੋਹ ’ਚ 250 ਲੋਕ ਸ਼ਾਮਲ ਹੋ ਸਕਣਗੇ। ਰਾਜਸਥਾਨ ਦੇ ਗ੍ਰਹਿ ਵਿਭਾਗ ਨੇ ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕਰਦੇ ਹੋਏ ਇਹ ਢਿੱਲ ਦਿਤੀ ਹੈ। ਇਹ ਆਦੇਸ਼ ਸਨਿਚਰਵਾਰ ਤੋਂ ਲਾਗੂ ਹੋਣਗੇ।
ਇਸ ਤਹਿਤ ਸੂਬੇ ’ਚ ਕਿਸੇ ਵੀ ਤਰ੍ਹਾਂ ਦੇ ਜਨਤਕ, ਸਮਾਜਕ, ਸਿਆਸੀ, ਖੇਡ ਸਬੰਧੀ, ਵਿਦਿਅਕ, ਸਭਿਆਚਾਰਕ ਅਤੇ ਧਾਰਮਕ ਸਮਾਰੋਹ ’ਚ ਹੁਣ 250 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਹੋਵੇਗੀ। ਪਹਿਲਾਂ ਇਹ ਗਿਣਤੀ 100 ਸੀ। ਵਿਆਹ ਸਮਾਰੋਹ ’ਚ ਵੀ ਹੁਣ ਇੰਨੀ ਹੀ ਗਿਣਤੀ ਲੋਕ ਸ਼ਾਮਲ ਹੋ ਸਕਦੇ ਹਨ। ਨਾਈਟ ਕਰਫ਼ਿਊ ਜੋ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਲਗਾਇਆ ਜਾਂਦਾ ਹੈ ਹੁਣ ਉਸ ਨੂੰ ਖ਼ਤਮ ਕਰ ਦਿਤਾ ਗਿਆ ਹੈ। ਸਾਰੇ ਧਾਰਮਕ ਸਥਾਨਾਂ ’ਚ ਫੁੱਲਾਂ ਦੇ ਹਾਰ, ਪ੍ਰਸ਼ਾਦ, ਚਾਦਰ ਅਤੇ ਹੋਰ ਪੂਜਾ ਸਮੱਗਰੀ ਲੈ ਕੇ ਜਾਣ ਦੀ ਮਨਜ਼ੂਰੀ ਹੋਵੇਗੀ। ਦਰਾਜਸਥਾਨ ’ਚ ਵੀਰਵਾਰ ਨੂੰ ਕੋਰੋਨਾ ਦੇ 8073 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਲਾਗ ਨਾਲ 22 ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ ’ਚ 59,513 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। (ਏਜੰਸੀ)