
ਪੁਲਿਸ ਨੇ ਇਕ ਸ਼ੱਕੀ ਜੋੜੇ ਨੂੰ ਹਿਰਾਸਤ ਵਿਚ ਲਿਆ
ਜਲੰਧਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਦੀ ਗੋਆ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਜਿਸ ਦੀ ਪਛਾਣ ਨਰੋਤਮ ਢਿੱਲੋਂ ਉਰਫ ਨਿੰਮੀ ਢਿੱਲੋਂ ਉਰਫ ਨਿੰਮਿਸ ਬਾਦਲ ਵਜੋਂ ਹੋਈ ਹੈ। ਉਨ੍ਹਾਂ ਦੀ ਲਾਸ਼ ਉੱਤਰੀ ਗੋਆ ਦੇ ਪੋਰਵਾਰੀਮ ਇਲਾਕੇ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲੀ। ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਇੱਕ ਜੋੜੇ ਨੂੰ ਹਿਰਾਸਤ ਵਿਚ ਲਿਆ ਹੈ। ਜੋ ਬੀਤੀ ਰਾਤ ਢਿੱਲੋਂ ਦੇ ਘਰ ਠਹਿਰੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜੋੜੇ ਤੋਂ ਇਲਾਵਾ ਤਿੰਨ ਹੋਰ ਔਰਤਾਂ ਵੀ ਢਿੱਲੋਂ ਦੇ ਘਰ ਰੁਕੀਆਂ ਸਨ। ਗੋਆ ਪੁਲਿਸ ਵੀ ਉਨ੍ਹਾਂ ਦੀ ਭਾਲ ਕਰ ਰਹੀ ਹੈ। ਗੋਆ ਪੁਲਿਸ ਦੇ ਆਈਜੀ ਉਮਵੀਰ ਬਿਸ਼ਨੋਈ ਨੇ ਇੱਕ ਮੀਡੀਆ ਸਮੂਹ ਨਾਲ ਗੱਲਬਾਤ ਕਰਦਿਆਂ ਨਰੋਤਮ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ- ਜਾਂਚ ਕੀਤੀ ਜਾ ਰਹੀ ਹੈ ਕਿ ਨਰੋਤਮ ਦੀ ਮੌਤ ਦੁਰਘਟਨਾ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ।
ਨਰੋਤਮ ਢਿੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਨ। ਉਹ ਗੋਆ ਵਿਚ ਲੰਬੇ ਸਮੇਂ ਤੋਂ ਇਕੱਲੇ ਰਹਿੰਦੇ ਸਨ। ਉਹਨਾਂ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਫਿਲਹਾਲ ਇਸ ਸਬੰਧੀ ਬਾਦਲ ਪਰਿਵਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।