
ਸੱਤਾਧਿਰ ਨੇ ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਵਿਰੋਧੀਆਂ ਨੇ ਲਾਏ ਸਰਕਾਰ ਨੂੰ ਖ਼ੂਬ ਰਗੜੇ
5 ਮਾਰਚ ਨੂੰ ਬਹਿਸ ਵਿਚ ਉਠੇ ਸਵਾਲਾਂ ਦਾ ਜਵਾਬ ਦੇਣਗੇ ਮੁੱਖ ਮੰਤਰੀ, ਬਜਟ ਹੁਣ 8 ਮਾਰਚ ਨੂੰ
ਚੰਡੀਗੜ੍ਹ, 3 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਵਿਚ ਪਹਿਲੀ ਮਾਰਚ ਨੂੰ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਵਲੋਂ ਦਿਤੇ ਭਾਸ਼ਨ 'ਤੇ ਅੱਜ ਦੂਜੇ ਦਿਨ ਵੀ ਜ਼ੋਰਦਾਰ ਬਹਿਸ ਜਾਰੀ ਰਹੀ | ਜਿਥੇ ਸੱਤਾਧਿਰ ਦੇ ਮੈਂਬਰਾਂ ਨੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਥੇ ਦੂਜੇ ਪਾਸੇ ਸਰਕਾਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗ਼ਲਤ ਦਸਦੇ ਹੋਏ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਨੂੰ ਖ਼ੂਬ ਰਗੜੇ ਲਾਏ |
ਹੁਣ ਬਹਿਸ 5 ਮਾਰਚ ਨੂੰ ਮੁਕੰਮਲ ਹੋਵੇਗੀ ਅਤੇ ਉਠੇ ਸਵਾਲਾਂ ਦਾ ਮੁੱਖ ਮੰਤਰੀ ਜਵਾਬ ਪੇਸ਼ ਕਰਨਗੇ | ਬਜਟ ਸੈਸ਼ਨ ਵਿਚ ਥੋੜ੍ਹੀ ਤਬਦੀਲੀ ਵੀ ਹੋਈ ਹੈ ਅਤੇ ਹੁਣ ਬਜਟ ਪੇਸ਼ ਕਰਨ ਦੀ ਤਰੀਕ ਮੁੜ 8 ਮਾਰਚ ਕਰ ਦਿਤੀ ਗਈ ਹੈ | ਇਸ ਤਰੀਕ ਵਿਚ ਤੀਜੀ ਵਾਰ ਬਦਲਾਅ ਹੋਇਆ ਹੈ | ਹੁਣ 4 ਮਾਰਚ ਨੂੰ ਗ਼ੈਰ ਸਰਕਾਰੀ ਕੰਮਕਾਰ ਹੋਵੇਗਾ | ਅੱਜ ਮੁੜ ਬਹਿਸ ਦੀ ਸ਼ੁਰੂਆਤ ਕਰਦਿਆਂ ਅਕਾਲੀ ਮੈਂਬਰ ਐਨ.ਕੇ. ਸ਼ਰਮਾ ਨੇ ਕਿਹਾ ਕਿ ਰਾਜਪਾਲ ਨੇ ਭਾਸ਼ਨ ਵਿਚ ਸਰਕਾਰ ਵਲੋਂ ਕੋਰੋਨਾ ਦੀਆਂ ਮੁਫ਼ਤ ਮੈਡੀਕਲ ਸਹੂਲਤਾਂ ਤੇ ਸਮਾਰਟ ਸਕੂਲ ਬਣਾਉਣ
ਦੇ ਕੀਤੇ ਦਾਅਵਿਆਂ ਵਿਚ ਕੋਈ ਦਮ ਨਹੀਂ ਤੇ ਸਿਰਫ਼ ਕਾਗ਼ਜ਼ੀ ਅੰਕੜੇ ਜ਼ਿਆਦਾ ਹਨ | ਬਹਿਸ ਨੂੰ ਅੱਗੇ ਤੋਰਦਿਆਂ 'ਆਪ' ਦੀ ਮੈਂਬਰ ਤੇ ਪਾਰਟੀ
ਵਿਧਾਇਕ ਦਲ ਦੀ ਉਪ ਨੇਤਾ ਸਰਬਜੀਤ ਕੌਰ ਮਾਣੰੂਕੇ ਨੇ ਕਿਹਾ ਕਿ ਸਿਖਿਆ ਬਾਰੇ ਦਾਅਵੇ ਠੀਕ ਨਹੀਂ ਜਦਕਿ 1 ਲੱਖ 35 ਹਜ਼ਾਰ ਬੱਚੇ ਪੜ੍ਹਾਈ ਛੱਡ ਗਏ ਹਨ | ਓ.ਬੀ.ਸੀ. ਦੀ ਹਾਲਤ ਐਸ.ਸੀ. ਤੋਂ ਵੀ ਮਾੜੀ ਬਣ ਚੁੱਕੀ ਹੈ | ਕਈ ਸਾਲ ਪਹਿਲਾਂ ਆਏ ਹੜ੍ਹਾਂ ਦਾ ਮੁਆਵਜ਼ਾ ਵੀ ਲੋਕਾਂ ਨੂੰ ਅੱਜ ਤਕ ਨਹੀਂ ਮਿਲਿਆ | ਐਸ.ਸੀ., ਐਸ.ਟੀ. ਐਕਟ ਬਾਰੇ ਕਮੇਟੀ ਦਾ ਕੁੱਝ ਵੀ ਨਹੀਂ ਪਤਾ ਕਿ ਬਣੀ ਹੈ ਜਾਂ ਨਹੀਂ |
ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਰਾਜਪਾਲ ਦਾ ਭਾਸ਼ਨ ਪੜ੍ਹਨ ਵਿਚ ਜ਼ਰੂਰ ਚੰਗਾ ਲਗਦਾ ਹੈ ਪਰ ਅਸਲੀਅਤ ਵਿਚ ਇਹ ਪੂਰੀ ਤਰ੍ਹਾਂ ਉਲਟ ਹੈ | ਗ਼ਰੀਬਾਂ ਨੂੰ ਵੀ 2800-2800 ਰੁਪਏ ਮਹੀਨਾ ਬਿਲ ਆ ਰਹੇ ਹਨ ਜੋ ਇਕੱਲੇ ਬਲਬ ਹੀ ਬਾਲਦੇ ਹਨ | ਦਲਿਤ ਬੱਚਿਆਂ ਦੇ ਵਜ਼ੀਫ਼ਿਆਂ ਦੇ ਘਪਲਿਆਂ ਦੀ ਕੋਈ ਜਾਂਚ ਨਹੀਂ | ਮੁਲਾਜ਼ਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਹੋ ਰਹੀ ਹੈ | 'ਆਪ' ਦੇ ਮਾਸਟਰ ਬੁੱਧ ਰਾਮ ਨੇ ਬੇਅਦਬੀ ਦੇ ਦੋਸ਼ੀਆਂ 'ਤੇ 4 ਸਾਲਾਂ ਵਿਚ ਵੀ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਭੂਮਿਕਾ 'ਤੇ ਸਵਾਲ ਚੁੱਕੇ | ਕਾਂਗਰਸ ਦੇ ਕੁਸ਼ਲਦੀਪ ਢਿੱਲੋਂ ਨੇ ਵਿਰੋਧੀਆਂ ਨੂੰ ਅਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਸਲਾਹ ਦਿਤੀ | 'ਆਪ' ਦੇ ਜੈ ਕਿਸ਼ਨ ਰੋੜੀ, ਕਾਂਗਰਸ ਨਵਤੇਜ ਚੀਮਾ, ਸੁਖਵਿੰਦਰ ਡੈਨੀ ਤੇ ਕਾਂਗਰਸ ਦੇ ਕਾਕਾ ਸੁਖਜੀਤ ਸਿੰਘ ਨੇ ਵੀ ਬਹਿਸ ਵਿਚ ਹਿੱਸਾ ਲਿਆ | ਕਾਂਗਰਸ ਦੇ ਹੀ ਡਾ. ਰਾਜ ਕੁਮਾਰ ਚੱਬੇਵਾਲ ਨੇ ਵਿਰੋਧੀਆਂ ਦੇ ਪ੍ਰਚਾਰ ਦਾ ਜਵਾਬ ਦਿੰਦਿਆਂ ਕਿਹਾ ਕਿ ਦਲਿਤ ਬੱਚਿਆਂ ਦੇ ਵਜ਼ੀਫ਼ੇ ਵਿਚ ਦੇਰੀ ਲਈ ਕੇਂਦਰ ਸਰਕਾਰ ਨਾਲ ਅਕਾਲੀ ਦਲ ਦੀ ਵੀ ਬਰਾਬਰ ਜ਼ਿੰਮੇਵਾਰੀ ਬਣਦੀ ਹੈ |
ਮੋਦੀ ਸਰਕਾਰ ਵਿਚ ਭਾਈਵਾਲ ਰਹਿਣ ਦੇ ਸਮੇਂ ਕਦੇ ਪੰਜਾਬ ਦੀ 1850 ਕਰੋੜ ਦੀ ਵਜ਼ੀਫ਼ਾ ਰਾਸ਼ੀ ਦਿਵਾਉਣ ਲਈ ਆਵਾਜ਼ ਨਹੀਂ ਚੁਕੀ | ਉਨ੍ਹਾਂ ਸਾਰੇ 34 ਦਲਿਤ ਵਿਧਾਇਕਾਂ ਨੂੰ ਸਿਆਸਤ ਤੋਂ ਉਠ ਕੇ ਇਕਜੁਟ ਹੋਣ ਲਈ ਕਿਹਾ | ਅੱਜ ਬਹਿਸ ਦੇ ਅੰਤ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਰਾਜਪਾਲ ਦੇ ਭਾਸ਼ਨ ਨੂੰ ਪੰਜਵੀਂ ਵਾਰ ਬੋਲਿਆ ਝੂਠਾਂ ਦਾ ਪੁਲੰਦਾ ਕਰਾਰ ਦੇ ਦਿਤਾ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਨੀਫ਼ੈਸਟੋ ਦੇ ਰੁਜ਼ਗਾਰ ਕਰਜ਼ਾ ਮਾਫ਼ੀ, ਨਸ਼ੇ ਖ਼ਤਮ ਕਰਨ, ਪੈਨਸ਼ਨਾਂ ਵਿਚ ਵਾਧੇ ਵਾਅਦੇ 4 ਸਾਲਾਂ ਵਿਚ ਵੀ ਪੂਰੇ ਨਹੀਂ ਹੋਏ |
ਡੱਬੀ
ਭਾਜਪਾ ਵਿਧਾਇਕ ਨਾਰੰਗ ਵਿਰੁਧ ਸੱਭ ਤੋਂ ਹੋਏ ਇਕਜੁਟ, ਸਦਨ 'ਚ ਨਹੀਂ ਬੋਲਣ ਦਿਤਾ
ਪੰਜਾਬ ਤੇ ਹੋਰ ਰਾਜਾਂ ਵਿਚ ਤਾਂ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਤਿਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅੰਜ ਵਿਧਾਨ ਸਭਾ ਸੈਸ਼ਨ ਵਿਚ ਬਹਿਸ ਦੌਰਾਨ ਵੀ ਸੱਭ ਪਾਰਟੀਆਂ ਆਪਸੀ ਮਤਭੇਦ ਬੁਲਾ ਕੇ ਭਾਜਪਾ ਵਿਰੁਧ ਇਕਜੁਟ ਹੋ ਗਈਆਂ | ਸਪੀਕਰ ਦੀ ਥਾ ਚੇਅਰ ਸੰਭਾਲ ਰਹੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਭਾਜਪਾ ਮੈਂਬਰ ਅਰੁਨ ਨਾਰੰਗ ਨੂੰ ਰਾਜਪਾਲ ਦੇ ਭਾਸ਼ਨ ਤੇ ਬੋਲਣ ਲਈ ਸਮਾਂ ਦਿਤਾ ਪਰ ਇਸ ਦਾ ਕਾਂਗਰਸ ਦੇ ਵਿਧਾਇਕ ਦਲਵੀਰ ਗੋਲਡੀ ਨੇ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਬਣਾਉਣ ਵਾਲੀ ਪਾਰਟੀ ਨੂੰ ਸਦਨ ਵਿਚ ਬੋਲਣ ਨਹੀਂ ਦਿਆਂਗੇ ਅਤੇ ਇਹ ਪੰਜਾਬ ਵਿਚ ਬਿਲ ਪਾਸ ਹੋਣ ਸਮੇਂ ਵੀ ਨਾਲ ਨਹੀਂ ਸਨ ਆਏ | ਇਸ ਦਾ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰੋਜ਼ੀ ਬਰਕੰਦੀ ਨੇ ਵੀ ਸਮਰਥਨ ਕੀਤਾ ਤੇ 'ਆਪ' ਦੇ ਵਿਧਾਇਕ ਕੁਲਤਾਰ ਸੰਧਵਾਂ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ ਨੇ ਵੀ ਕਿਹਾ ਨਹੀਂ ਬੋਲਣ ਦਿਆਂਗੇ | ਕਾਂਗਰਸ ਦੇ ਪਰਮਿੰਦਰ ਪਿੰਕੀ, ਗੁਰਕੀਰਤ ਕੋਟਲੀ, ਨਵਜੇਤ ਚੀਮਾimage ਦੇ ਤੇਵਰਾਂ ਤੋਂ ਬਾਅਦ ਚੇਅਰਮੈਨ ਨੇ ਭਾਜਪਾ ਮੈਂਬਰ ਨੂੰ ਰੋਕ ਦਿਤਾ | ਇਸ ਤੋਂ ਬਾਅਦ ਭਾਜਪਾ ਮੈਂਬਰ ਨਾਰੰਗ ਭਰੇ ਪੀਤੇ ਚੁੱਪ ਚਾਪ ਖ਼ੁਦ ਹੀ ਸਦਨ ਵਿਚੋਂ ਉਠ ਕੇ ਚਲੇ ਗਏ |