
ਪਤਨੀ ਕੋਈ ਗ਼ੁਲਾਮ ਜਾਂ ਜਾਇਦਾਦ ਨਹੀਂ, ਪਤੀ ਨਾਲ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ : ਸੁਪਰੀਮ ਕੋਰਟ
ਨਵੀਂ ਦਿੱਲੀ, 3 ਮਾਰਚ : ਇਕ ਔਰਤ ਕਿਸੇ ਦੀ ਜਾਇਦਾਦ ਜਾਂ ਗ਼ੁਲਾਮ ਨਹੀਂ ਹੈ, ਉਸ ਨੂੰ ਪਤੀ ਨਾਲ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ | ਸੁਪਰੀਮ ਕੋਰਟ ਨੇ ਬੀਤੇ ਦਿਨ ਇਕ ਕੇਸ 'ਚ ਸੁਣਵਾਈ ਦੌਰਾਨ ਇਹ ਟਿਪਣੀ ਕੀਤੀ | ਇਕ ਵਿਅਕਤੀ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਇਸ 'ਚ ਕਿਹਾ ਗਿਆ ਸੀ ਕਿ ਕੋਰਟ ਉਸ ਦੀ ਪਤਨੀ ਨੂੰ ਦੁਬਾਰਾ ਉਸ ਨਾਲ ਰਹਿਣ ਲਈ ਆਦੇਸ਼ ਦੇਵੇ | ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੁਛਿਆ ਕਿ ਤੁਹਾਨੂੰ ਕੀ ਲਗਦਾ ਹੈ ਇਕ ਔਰਤ ਕੋਈ ਜਾਇਦਾਦ ਹੈ ਜਿਸ ਨੂੰ ਅਸੀਂ ਆਦੇਸ਼ ਦੇ ਸਕਦੇ ਹਾਂ? ਕੀ ਪਤਨੀ ਕੋਈ ਗ਼ੁਲਾਮ ਹੈ ਜਿਸ ਨੂੰ ਤੁਹਾਡੇ ਨਾਲ ਰਹਿਣ ਦਾ ਆਦੇਸ਼
ਦਿਤਾ ਜਾ ਸਕਦਾ ਹੈ | ਦਰਅਸਲ, ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਹੈ |
ਅਪ੍ਰੈਲ 2019 'ਚ ਫੈਮਿਲੀ ਕੋਰਟ ਨੇ ਹਿੰਦੂ ਵਿਆਹ ਐਕਟ ਦੇ ਸੈਕਸ਼ਨ 9 ਤਹਿਤ ਪਤੀ ਦੇ ਹੱਕ 'ਚ ਫ਼ੈਸਲਾ ਸੁਣਾਇਆ ਸੀ, ਮਹਿਲਾ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਉਸੇ ਸਾਲ 2013 'ਚ ਵਿਆਹ ਤੋਂ ਬਾਅਦ ਹੀ ਦਾਜ ਲਈ ਤੰਗ-ਪਰੇਸ਼ਾਨ ਕਰਦਾ ਹੈ | ਕੋਰਟ ਨੇ 20 ਹਜ਼ਾਰ ਰੁਪਏ ਮਹੀਨੇ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦਿਤਾ ਸੀ | ਇਸ ਤੋਂ ਬਾਅਦ ਪਤੀ ਨੇ ਵਿਆਹੁਤਾ ਹੱਕ ਦੀ ਬਹਾਲੀ ਲਈ ਪਟੀਸ਼ਨ ਦਾਇਰ ਕੀਤੀ ਸੀ |
ਵਿਅਕਤੀ ਨੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਹਾਈ ਕੋਰਟ 'ਚ ਗੁਹਾਰ ਲਾਈ | ਵਿਅਕਤੀ ਦੀ ਦਲੀਲ ਸੀ ਕਿ ਜਦ ਉਹ ਅਪਣੀ ਪਤਨੀ ਨਾਲ ਰਹਿਣ ਲਈ ਤਿਆਰ ਹੈ ਤਾਂ ਫਿਰ ਗੁਜ਼ਾਰਾ ਭੱਤਾ ਕਿਉਂ ਦਿਤਾ ਜਾਵੇ? ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿਤਾ | ਇਸ ਤੋਂ ਬਾਅਦ ਉਸ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿਥੇ ਬੈਂਚ ਨੇ ਸਖ਼ਤ ਟਿਪਣੀ ਕਰਦਿਆਂ ਪਟੀਸ਼ਨ ਰੱਦ ਕਰ ਦਿਤੀ | (ਏਜੰਸੀ)