
1 ਨਾਬਾਲਗ ਦੋਸ਼ੀ ਨੂੰ 20 ਸਾਲ ਦੀ ਸਜ਼ਾ ਦੇ ਨਾਲ ਲਗਾਇਆ 50 ਹਜ਼ਾਰ ਦਾ ਜੁਰਮਾਨਾ
ਲੁਧਿਆਣਾ : ਬਹੁ-ਚਰਚਿਤ ਈਸੇਵਾਲ ਨਹਿਰ ਨੇੜੇ ਹੋਏ ਸਮੂਹਿਕ ਜਬਰ-ਜ਼ਿਨਾਹ ਮਾਮਲੇ 'ਚ ਅੱਜ ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਗੈਂਗਰੇਪ 'ਚ ਸ਼ਾਮਲ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਇਹਨਾਂ 6 ਦੋਸ਼ੀਆਂ ਵਿਚੋਂ 5 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਇਸ ਵਿਚੋਂ ਇਕ ਦੋਸ਼ੀ ਨਾਬਾਲਗ ਸੀ ਜਿਸ ਨੂੰ 20 ਸਾਲ ਦੀ ਸਜ਼ਾ ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹਨਾਂ 6 ਦੋਸ਼ੀਆਂ ਵਿਚੋਂ ਸਾਦਿਕ ਅਲੀ ਵਾਸੀ ਪੁਲਿਸ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ਼ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੈ ਉਰਫ਼ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ਼ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਵਾਸੀ ਖਾਨਪੁਰ ਥਾਣਾ ਡੇਹਲੋਂ, ਲਿਆਕਤ ਅਲੀ ਵਾਸੀ ਜੰਮੂ-ਕਸ਼ਮੀਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਪਰੋਕਤ ਕੇਸ ਦੀ ਪੈਰਵੀ ਕਰੀਬ 3 ਸਾਲ ਚੱਲੀ।
gangrape
ਪੁਲਿਸ ਵੱਲੋਂ ਅਦਾਲਤ ਵਿਚ 54 ਗਵਾਹ ਪੇਸ਼ ਕੀਤੇ ਗਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀੜਤਾ ਦੀ ਗਵਾਹੀ ਦੇ ਨਾਲ-ਨਾਲ ਤਫ਼ਤੀਸ਼ੀ ਅਫ਼ਸਰ ਦੀ ਗਵਾਹੀ ਨੇ ਆਰੋਪੀਆਂ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਜਾਂਚ ਅਧਿਕਾਰੀ ਮਨਜੀਤ ਕੌਰ ਵੱਲੋਂ ਪੀੜਤ ਲੜਕੀ ਦੇ ਬਿਆਨ ਲਿਖੇ ਗਏ ਸਨ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ਼ 4 ਅਪ੍ਰੈਲ 2019 ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਥਾਣਾ ਦਾਖਾ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਆਰੋਪੀਆਂ ਸਾਦਿਕ ਅਲੀ ਵਾਸੀ ਥਾਣਾ ਮੁਕੰਦਪੁਰ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ਼ ਰੂਪੀ ਵਾਸੀ ਪਿੰਡ ਜਸਪਾਲ ਬਾਂਗੜ, ਅਜੈ ਉਰਫ਼ ਬ੍ਰਿਜਨੰਦਨ ਵਾਸੀ ਯੂ. ਪੀ., ਸੈਫ਼ ਅਲੀ ਵਾਸੀ ਹਿਮਾਚਲ ਪ੍ਰਦੇਸ਼, ਸੁਰਮਾ ਵਾਸੀ ਖਾਨਪੁਰ ਥਾਣਾ ਡੇਹਲੋਂ 'ਤੇ ਗੈਂਗਰੇਪ ਦੇ ਆਰੋਪ 'ਚ 10 ਫਰਵਰੀ 2019 ਨੂੰ ਧਾਰਾ 376-ਡੀ, 342, 384, 354-ਬੀ, 279-ਬੀ, 364-ਏ, 397 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ।
Jail
ਦੱਸ ਦਈਏ ਕਿ ਪੀੜਤਾ ਮੁਤਾਬਕ ਘਟਨਾ ਵਾਲੇ ਦਿਨ 9 ਫਰਵਰੀ 2019 ਨੂੰ ਉਹ ਆਪਣੇ ਪ੍ਰੇਮੀ ਨਾਲ ਰਾਤ 8 ਵਜੇ ਦੇ ਕਰੀਬ ਈਸੇਵਾਲ ਵੱਲੋਂ ਲੁਧਿਆਣਾ ਵੱਲ ਆ ਰਹੀ ਸੀ ਅਤੇ ਜਦੋਂ ਉਹ ਈਸੇਵਾਲ ਨਹਿਰ ਤੋਂ ਥੋੜ੍ਹੀ ਦੂਰ ਚਗਨਾ ਨੇੜੇ ਪਹੁੰਚੇ ਤਾਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਉਸ ਦਾ ਪਿੱਛਾ ਕਰਨ ਲੱਗੇ, ਜਿਨ੍ਹਾਂ ਨੇ ਇੱਟ ਮਾਰ ਕੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਸਟੇਅਰਿੰਗ ਫੜ ਲਿਆ ਤੇ ਬਾਅਦ 'ਚ ਮੋਟਰਸਾਈਕਲ 'ਤੇ 7 ਹੋਰ ਨੌਜਵਾਨਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਖਿੱਚ ਕੇ ਕਾਰ ਦੀ ਪਿਛਲੀ ਸੀਟ 'ਤੇ ਬੰਨ੍ਹ ਦਿੱਤਾ, ਜਦਕਿ ਉਸ ਨੂੰ ਖਾਲੀ ਪਲਾਟ 'ਚ ਲਿਜਾ ਕੇ 10 ਦੇ ਕਰੀਬ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਕਰਦਿਆਂ ਗੈਂਗਰੇਪ ਕੀਤਾ ਅਤੇ ਉਸ ਨੂੰ ਛੱਡਣ ਦੀ ਬਜਾਏ ਉਸ ਦੇ ਪ੍ਰੇਮੀ ਨੂੰ ਫ਼ੋਨ ਕਰਨ ਲੱਗੇ ਤੇ 1 ਲੱਖ ਰੁਪਏ ਦੀ ਫਿਰੌਤੀ ਮੰਗਣ ਲੱਗੇ।
Rape Case
ਜਦੋਂ ਉਸ ਦਾ ਪ੍ਰੇਮੀ ਰੁਪਏ ਲੈ ਕੇ ਨਹੀਂ ਆਇਆ ਤਾਂ ਰਾਤ ਕਰੀਬ 2 ਵਜੇ ਉਨ੍ਹਾਂ ਨੇ ਉਸ ਦੀ ਕਾਰ ਦੀ ਚਾਬੀ ਸੁੱਟ ਦਿੱਤੀ ਅਤੇ ਖ਼ੁਦ ਫਰਾਰ ਹੋ ਗਏ। ਬਾਅਦ 'ਚ ਉਹ ਕਿਸੇ ਤਰ੍ਹਾਂ ਮੁੱਲਾਪੁਰ ਸਥਿਤ ਇਕ ਢਾਬੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਰੀ ਘਟਨਾ ਆਪਣੇ ਪ੍ਰੇਮੀ ਨੂੰ ਦੱਸੀ ਪਰ ਦੇਰ ਰਾਤ ਹੋਣ ਕਾਰਨ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਤੇ ਆਪਣੇ ਪੱਧਰ 'ਤੇ ਆਰੋਪੀਆਂ ਦੀ ਭਾਲ ਕਰਦੇ ਰਹੇ। ਉਕਤ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੀੜਤਾ ਦੇ ਬਿਆਨ ਲੈਣ ਦੇ ਨਾਲ-ਨਾਲ ਉਸ ਦਾ ਮੈਡੀਕਲ ਵੀ ਕਰਵਾਇਆ। ਬਾਅਦ ਵਿਚ ਪੁਲਸ ਨੇ ਆਪਣੀ ਟੀਮ ਨਾਲ ਤਫਤੀਸ਼ ਦੌਰਾਨ ਪੀੜਤਾ ਤੋਂ ਸਕੈਚ ਵੀ ਬਣਵਾਏ
ਜਿਸ ਦੇ ਅਧਾਰ 'ਤੇ ਪੁਲਿਸ ਨੇ ਸਭ ਤੋਂ ਪਹਿਲਾਂ ਸਾਦਿਕ ਅਲੀ ਵਾਸੀ ਨਵਾਂਸ਼ਹਿਰ ਨੂੰ ਨਾਮਜ਼ਦ ਕੀਤਾ ਤੇ ਫਿਰ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਦਿਆਂ ਕੜੀਆਂ ਜੋੜਦਿਆਂ ਬਾਕੀ ਦੇ ਹੋਰ ਆਰੋਪੀਆਂ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਤੇ ਆਖਿਰਕਾਰ 3 ਅਪ੍ਰੈਲ 2019 ਨੂੰ ਪੁਲਿਸ ਵੱਲੋਂ ਆਰੋਪੀਆਂ ਖ਼ਿਲਾਫ਼ ਅਦਾਲਤ 'ਚ 450 ਪੰਨਿਆਂ ਦੀ ਚਾਰਜਸ਼ੀਟ ਵੀ ਦਾਇਰ ਕੀਤੀ ਗਈ। ਇਸ ਮਾਮਲੇ ਦੇ ਮੁੱਖ ਆਰੋਪੀ ਜਗਰੂਪ ਸਿੰਘ, ਜਿਸ ਨੂੰ ਪੁਲਿਸ ਨੇ ਜਾਂਚ ਦੌਰਾਨ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਸੀ, ਉਸ ਨੂੰ ਵੀ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਬਾਕੀ ਆਰੋਪੀ ਜੇਲ੍ਹ ਵਿਚ ਬੰਦ ਸਨ।
Rape Case
ਆਰੋਪੀਆਂ ਵੱਲੋਂ ਆਪਣੇ ਬਚਾਅ ਵਿਚ ਕੋਈ ਗਵਾਹ ਪੇਸ਼ ਨਹੀਂ ਕੀਤਾ ਗਿਆ। ਅਦਾਲਤ 'ਚ ਸਰਕਾਰੀ ਵਕੀਲ ਬੀ. ਡੀ. ਗੁਪਤਾ ਵੱਲੋਂ ਇਸ ਕੇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਦੇ ਹੋਏ ਆਪਣੇ ਗਵਾਹ ਕਲਮ ਬੰਦ ਕਰਵਾਉਣ ਦੇ ਨਾਲ ਹੀ ਅਦਾਲਤ ਵਿੱਚ ਬਹਿਸ ਦੌਰਾਨ ਕੇਸ ਨਾਲ ਸਬੰਧਿਤ ਇਕ-ਇਕ ਗੱਲ ਅਦਾਲਤ 'ਚ ਰਖੀ ਗਈ ਤੇ ਅਦਾਲਤ ਨੂੰ ਆਰੋਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ, ਹਾਲਾਂਕਿ ਅਦਾਲਤ 'ਚ ਸਾਰੇ ਆਰੋਪੀਆਂ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਵਿਚ ਆਪਣੇ ਪੱਖ 'ਚ ਜਦੋਂ ਕੋਈ ਵੀ ਗਵਾਹ ਠੋਸ ਸਬੂਤ ਪੇਸ਼ ਕਰਨ ਵਿਚ ਅਸਫਲ ਰਿਹਾ ਤਾਂ ਅਦਾਲਤ ਨੇ ਆਖਿਰਕਾਰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਅਤੇ ਅੱਜ ਉਹਨਾਂ ਸਭ ਨੂੰ ਸਜ਼ਾ ਸੁਣਾਈ ਗਈ ਹੈ।