
ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ।
ਚੰਡੀਗੜ੍ਹ: ਰੂਸ ਯੂਕਰੇਨ ਜੰਗ ਦੇ ਚਲਦਿਆਂ ਜੰਗ ਪ੍ਰਭਾਵਿਤ ਯੂਕਰੇਨ ਵਿਚ ਪੰਜਾਬ ਦੇ ਕੁੱਲ 900 ਵਿਦਿਆਰਥੀ ਫਸੇ ਹੋਏ ਹਨ, 27 ਫਰਵਰੀ ਤੋਂ ਹੁਣ ਤੱਕ ਇਹਨਾਂ ਵਿਚੋਂ 62 ਪੰਜਾਬੀ ਵਿਦਿਆਰਥੀ ਯੂਕਰੇਨ ਤੋਂ ਘਰ ਪਰਤ ਚੁੱਕੇ ਹਨ। ਇਸ ਸੰਕਟ ਨਾਲ ਨਜਿੱਠਣ ਲਈ ਰਾਜ ਦੇ ਨੋਡਲ ਅਧਿਕਾਰੀ ਏਡੀਜੀਪੀ ਐੱਮਐੱਫ ਫਾਰੂਕੀ ਨੇ ਕਿਹਾ, “ਵਾਪਸ ਆਉਣ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਆਪਣੇ ਆਉਣ ਦੀ ਸੂਚਨਾ ਨਹੀਂ ਦਿੱਤੀ ਹੋਵੇਗੀ”।
ਉਹਨਾਂ ਕਿਹਾ, “ਲਗਭਗ 150 ਤੋਂ 200 ਵਿਦਿਆਰਥੀ ਰਾਸਤੇ ਵਿਚ ਹਨ ਅਤੇ ਕੱਲ੍ਹ ਤੱਕ ਵਾਪਸ ਆ ਸਕਦੇ ਹਨ”। ਸਰਕਾਰ ਨੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਲਈ ਇਕ ਡੇਟਾ ਬੇਸ ਤਿਆਰ ਕੀਤਾ ਹੈ। ਫਾਰੂਕੀ ਨੇ ਕਿਹਾ, "ਲਗਭਗ 900 ਵਿਦਿਆਰਥੀਆਂ ਨੇ ਸਟੇਟ ਹੈਲਪਲਾਈਨ ਨੰਬਰ ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਰਜਿਸਟਰ ਕੀਤਾ ਹੈ"।
ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ। ਪਟਿਆਲਾ ਦੇ 37 ਵਿਦਿਆਰਥੀਆਂ ਵਿਚੋਂ ਦੋ ਵਾਪਸ ਆ ਗਏ ਹਨ। ਰੋਪੜ ਦੇ 27 ਵਿਚੋਂ 7 ਵਿਦਿਆਰਥੀ ਵਾਪਸ ਆ ਗਏ ਹਨ ਜਦਕਿ 9 ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ। ਇਸੇ ਤਰ੍ਹਾਂ ਸੰਗਰੂਰ ਤੋਂ ਤਿੰਨ ਵਿਦਿਆਰਥੀ (ਕੁੱਲ 7), ਮਲੇਰਕੋਟਲਾ ਤੋਂ ਇਕ (ਕੁੱਲ 9) ਅਤੇ ਬਰਨਾਲਾ ਤੋਂ ਇਕ (ਕੁੱਲ 10) ਵਾਪਸ ਆ ਗਏ ਹਨ।
ਇਸ ਦੌਰਾਨ ਲੁਧਿਆਣਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ ਲਗਭਗ 13 ਵਿਦਿਆਰਥੀ ਪਰਿਵਾਰਾਂ ਦੇ ਸੰਪਰਕ ਵਿਚ ਨਹੀਂ ਹਨ, ਜਦਕਿ 9 ਹੋਰ ਅਜੇ ਵੀ ਯੁੱਧ ਪ੍ਰਭਾਵਿਤ ਦੇਸ਼ ਵਿਚ ਫਸੇ ਹੋਏ ਹਨ ਪਰ ਆਪਣੇ ਮਾਪਿਆਂ ਦੇ ਸੰਪਰਕ ਵਿਚ ਹਨ। ਹੁਣ ਤੱਕ ਲੁਧਿਆਣਾ ਦੇ 112 ਵਿਦਿਆਰਥੀਆਂ ਦੀ ਪਛਾਣ ਹੋਈ ਹੈ, ਜੋ ਯੂਕਰੇਨ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ। ਇਹਨਾਂ ਵਿਚੋਂ 90 ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ 49 ਵਿਦਿਆਰਥੀ ਭਾਰਤ ਪਹੁੰਚ ਚੁੱਕੇ ਹਨ, ਜਦਕਿ 41 ਨੂੰ ਸੁਰੱਖਿਅਤ ਦੂਜੇ ਗੁਆਂਢੀ ਦੇਸ਼ਾਂ ਵਿਚ ਭੇਜ ਦਿੱਤਾ ਗਿਆ ਹੈ, ਜਿੱਥੋਂ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।