
ਲੁਟੇਰਿਆਂ ਦਾ ਪਿੱਛਾ ਕਰਦੇ ਸਮੇਂ ਸਕੂਟੀ ਸਵਾਰਾਂ ਦੀ ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ ਦੌਰਾਨ ਵਾਪਰਿਆ ਹਾਦਸਾ
ਟਾਂਡਾ - ਪੰਜਾਬ ਦੇ ਹੁਸ਼ਿਆਰਪੁਰ ਅਧੀਨ ਆਉਂਦੇ ਟਾਂਡਾ 'ਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਲੁਟੇਰਿਆਂ ਕਾਰਨ ਦੋ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਟਾਂਡਾ ਦੇ ਮਿਆਣੀ ਪੁਲ 'ਤੇ ਔਰਤ ਪ੍ਰਭਜੀਤ ਕੌਰ ਬੱਚਿਆਂ ਨਾਲ ਸਕੂਟੀ 'ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ। ਜਿਵੇਂ ਹੀ ਲੁਟੇਰਿਆਂ ਨੇ ਔਰਤ ਦੇ ਗਲੇ 'ਚੋਂ ਪਰਸ ਖੋਹਿਆ ਤਾਂ ਉਸ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ।
ਇਸ ਤੋਂ ਬਾਅਦ ਸਕੂਟੀ ਅੱਗੇ ਜਾ ਰਹੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟਕਰਾ ਕੇ ਸਕੂਟੀ 'ਤੇ ਬੈਠੇ ਬੱਚੇ ਪੱਕੀ ਸੜਕ 'ਤੇ ਡਿੱਗ ਪਏ। ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ। ਜਦਕਿ ਔਰਤ ਦੇ ਸੱਟਾਂ ਲੱਗੀਆਂ ਹਨ। ਜ਼ਖਮੀ ਔਰਤ ਨੇ ਦੱਸਿਆ ਕਿ ਸਕੂਟੀ 'ਤੇ 6 ਸਾਲਾ ਪੁੱਤਰ ਗੁਰਬੇਜ ਅਤੇ 21 ਸਾਲਾ ਭਤੀਜੀ ਗਗਨਦੀਪ ਕੌਰ ਸਵਾਰ ਸਨ।
ਪੜ੍ਹੋ ਪੂਰੀ ਖ਼ਬਰ : ਇੰਡੋਨੇਸ਼ੀਆ ਵਿਖੇ ਤੇਲ ਡਿਪੂ 'ਚ ਲੱਗੀ ਭਿਆਨਕ ਅੱਗ, 16 ਦੀ ਮੌਤ ਤੇ 50 ਦੇ ਕਰੀਬ ਲੋਕ ਜ਼ਖ਼ਮੀ
ਨਿੱਜੀ ਹਸਪਤਾਲ ਦੇ ਡਾਕਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹਸਪਤਾਲ ਪਹੁੰਚ ਕੇ ਜਾਂਚ ਕਰਨ ਉਪਰੰਤ ਦੋਵਾਂ ਬੱਚਿਆਂ ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਪੜ੍ਹੋ ਪੂਰੀ ਖ਼ਬਰ : ਨਿਊਜ਼ੀਲੈਂਡ 'ਚ ਦੋ ਸਿੱਖ ਟਰੱਕ ਡਰਾਈਵਰਾਂ ਨਾਲ ਨਸਲੀ ਸ਼ੋਸ਼ਣ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਮਾਮਲਾ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚਓ ਟਾਂਡਾ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਡੀਐਸਪੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।