
Muktsar News : ਐਪ ਕੰਪਨੀ ਵੱਲੋਂ ਗਿਫ਼ਟ ਕੀਤੀ ਕ੍ਰਿਕਟ ਕਿੱਟ ਨੌਜਵਾਨ ਨੂੰ 2 ਕਰੋੜ ਦੀ ਪਈ
Muktsar News in Punjabi : ਸ੍ਰੀ ਮੁਕਤਸਰ ਸਾਹਿਬ ਦੇ ਸਾਈਬਰ ਥਾਣਾ ’ਚ ਅੱਜ ਪੁਲਿਸ ਨੇ ਦੋ ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਦਰਜ਼ ਕੀਤਾ ਹੈ। ਇਹ ਦੋ ਕਰੋੜ ਰੁਪਏ ਦੀ ਠੱਗੀ ਕ੍ਰਿਕਟ ਐਪ ਰਾਹੀ ਇਸ ਨੌਜਵਾਨ ਨਾਲ ਮਾਰੀ ਗਈ। ਨੌਜਵਾਨ ਨੂੰ ਲਾਲਚ ਦੇ ਕੇ ਵੱਖ- ਵੱਖ ਅਕਾਊਂਟਾਂ ’ਚ ਉਸ ਤੋਂ ਪੈਸੇ ਜਮ੍ਹਾ ਕਰਵਾਏ ਗਏ। ਇਸ ਤਰ੍ਹਾਂ ਉਸ ਨਾਲ ਦੋ ਕਰੋੜ ਦੀ ਠੱਗੀ ਮਾਰੀ ਗਈ।
ਸ੍ਰੀ ਮੁਕਤਸਰ ਸਾਹਿਬ ਵਿਖੇ ਡੇਅਰੀ ਦਾ ਕੰਮ ਕਰਦੇ ਨੌਜਵਾਨ ਨਾਲ ਕ੍ਰਿਕਟ ਐਪ ਰਾਹੀ 2 ਕਰੋੜ ਰੁਪਏ ਦੀ ਠੱਗੀ ਮਾਰੀ ਗਈ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਾਈਬਰ ਥਾਣਾ ਵਿਚ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ’ਚ ਨੌਜਵਾਨ ਨੇ ਦੱਸਿਆ ਕਿ ਉਸਨੇ ਫੇਸਬੁੱਕ ’ਤੇ ਕ੍ਰਿਕਟ ਨਾਲ ਸਬੰਧਿਤ ਇਹ ਐਪ ਦੇਖਿਆ ਅਤੇ ਜਦ ਉਹ ਇਸ ਐਪ ਨਾਲ ਜੁੜਿਆ ਤਾਂ ਉਸਨੂੰ ਇਸ ਐਪ ਨਾਲ ਸਬੰਧਿਤ ਵੱਖ -ਵੱਖ ਏਜੰਟਾਂ ਦੇ ਫੋਨ ਆਉਣ ਲੱਗੇ। ਜਿੰਨ੍ਹਾਂ ਨੇ ਉਸਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ। ਉਸਨੇ ਏਜੰਟ ਨਵੀਦ ਦੇ ਕਹਿਣ ਤੇ ਵੱਖ- ਵੱਖ ਅਕਾਊਂਟਾਂ ਵਿਚ ਕਰੀਬ 2 ਕਰੋੜ ਰੁਪਏ ਜਮ੍ਹਾ ਕਰਵਾਏ। ਉਸਨੂੰ ਵੱਖ ਸਮੇਂ ਇਹ ਦਿਖਾਇਆ ਜਾਂਦਾ ਰਿਹਾ ਕਿ ਉਸਦੇ ਪੈਸੇ ਲਗਾਤਾਰ ਵਧ ਰਹੇ ਹਨ ਪਰ ਉਹ ਪੈਸੇ 4 ਕਰੋੜ ਰੁਪਏ ਹੋ ਤੇ ਹੀ ਉਹ ਕਢਵਾ ਸਕੇਗਾ। ਉਸਨੇ ਆਪਣੀ ਪ੍ਰਾਪਰਟੀ ਵੇਚ ਅਤੇ ਹੋਰ ਤਰੀਕਿਆਂ ਨਾਲ ਪੈਸੇ ਜਮ੍ਹਾ ਕਰਵਾਏ। ਜਦ ਉਸਨੇ ਪੈਸੇ ਵਾਪਿਸ ਮੰਗੇ ਤਾਂ ਕੰਪਨੀ ਨਾਲ ਸਬੰਧਿਤ ਏਜੰਟ ਉਸਨੂੰ ਧਮਕੀਆਂ ਦੇਣ ਲੱਗੇ।
ਪੀੜ੍ਹਤ ਵਿਨੋਦ ਕੁਮਾਰ ਅਨੁਸਾਰ ਉਸਨੂੰ ਇਹ ਵੀ ਕਿਹਾ ਗਿਆ ਕਿ ਇਹ ਕੰਪਨੀ ਕਰਨਾਟਕ ਦੇ ਵੱਡੇ ਆਗੂ ਡੀ ਕੇ ਸ਼ਿਵ ਕੁਮਾਰ ਦੀ ਹੈ। ਵਿਨੋਦ ਨੇ ਇਸ ਮਾਮਲੇ ਵਿਚ ਪੁਲਿਸ ਨੂੰ ਸਿਕਾਇਤ ਕੀਤੀ। ਜਿਸ ਸਬੰਧੀ ਪੁਲਿਸ ਨੇ ਸਾਈਬਰ ਥਾਣਾ ’ਚ ਮੁਕੱਦਮਾ ਨੰਬਰ 3 ਦਰਜ਼ ਕਰ ਲਿਆ। ਇਸ ਸਬੰਧੀ ਪੁਲਿਸ ਨੇ ਵਿਨੋਦ ਕੁਮਾਰ ਦੇ ਬਿਆਨਾਂ ਤੇ ਐਮ ਡੀ ਡਾਇਰੈਕਟਰ ਮਾਲਕ ਐਨ ਏਟ ਜੀ ਆਨਲਾਇਨ ਕ੍ਰਿਕਟ ਗੇਮ ਪਲੇਇੰਗ ਕੰਪਨੀ, ਨਾਵੀਦ ਏਜੰਟ, ਭੂਮੀ ਵਾਸੀ ਜੈਪੁਰ ਬੈਂਕ ਅਕਾਊਂਟ ਹੋਲਡਰ ਤੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਦਸ ਦੇਈਏ ਕਿ ਕੰਪਨੀ ਨੇ ਨੌਜਵਾਨ ਨੂੰ ਸ਼ੁਰੂਆਤੀ ਦੌਰ ਵਿਚ ਲਾਲਚ ਦਿੰਦਿਆ ਇੱਕ ਕ੍ਰਿਕਟ ਕਿੱਟ ਵੀ ਗਿਫ਼ਟ ਵਜੋਂ ਭੇਜੀ ਅਤੇ ਇਹ ਕ੍ਰਿਕਟ ਕਿੱਟ ਹੀ ਉਸਨੂੰ 2 ਕਰੋੜ ਰੁਪਏ ਦੀ ਪਈ।
(For more news apart from Cheating of 2 crore rupees with the youth through online cricket app, Case registered against 3 News in Punjabi, stay tuned to Rozana Spokesman)