
ਸਰਪੰਚ ਸਤਨਾਮ ਸਿੰਘ ਤੇ NRI ਗੁਰਨਾਮ ਸਿੰਘ ਨੇ ਪਿੰਡ ’ਚ ਲਗਵਾਏ ਦਰਖ਼ਤ ਤੇ CCTV ਕੈਮਰੇ
ਪੰਜਾਬ ਦੇ ਪਿੰਡਾਂ ਨੂੰ ਸੋਹਣਾ ਤੇ ਹਰਿਆ ਭਰਿਆ ਬਣਾਉਣ ਲਈ ਹਰ ਪਿੰਡ ਵਿਚ ਉਪਰਾਲੇ ਕੀਤੇ ਜਾ ਰਹੇ ਹਨ ਤੇ ਜਿਹੜੇ ਵੀਰ ਬਾਰਲੇ ਮੁਲਕਾਂ ਵਿਚ ਵੀ ਗਏ ਹੋਏ ਹਨ ਉਨ੍ਹਾਂ ਵਲੋਂ ਵੀ ਇਕ ਹੱਮਲਾ ਮਾਰਿਆ ਜਾ ਰਿਹਾ ਹੈ ਕਿ ਪਿੰਡਾਂ ਦੀ ਨੁਹਾਰ ਬਦਲੀ ਜਾਵੇ। ਰੋਜ਼ਾਨਾ ਸਪੋਕਸਮੈਨ ਦੀ ਟੀਮ ਤਹਿਸੀਲ ਨਾਭਾ ਦੇ ਪਿੰਡ ਕਨਸੂਹਾ ਵਿਚ ਪਹੁੰਚੀ ਜਿੱਥੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਤੇ ਉਨ੍ਹਾਂ ਦੇ ਐਨਆਰਆਈ ਸਾਥੀ ਗੁਰਨਾਮ ਸਿੰਘ ਜੋ ਕਿ ਅਮਰੀਕਾ ਵਿਚ 25 ਸਾਲ ਤੋਂ ਰਹਿ ਰਹੇ ਹਨ ਦੋਨਾਂ ਨੇ ਮਿਲ ਕੇ ਫ਼ੈਲਸਾ ਕੀਤਾ ਕਿ ਪਿੰਡ ਦੀ ਨੁਹਾਰ ਬਦਲਣੀ ਹੈ।
ਜਿਨ੍ਹਾਂ ਦੇ ਉਰਾਲੇ ਸਦਕਾ ਪਿੰਡ ਵਿਚ ਸੀਸੀਟੀਵੀ ਕੈਮਰੇ ਤੇ ਵਾਤਾਰਣ ਦੀ ਸੰਭਾਲ ਲਈ ਵੱਖ ਵੱਖ ਤਰ੍ਹਾਂ ਦੇ ਦਰਖ਼ਤ ਲਗਾਏ ਗਏ ਹਨ ਤੇ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। ਐਨਆਰਆਈ ਗੁਰਨਾਮ ਸਿੰਘ ਨੇ ਕਿਹਾ ਕਿ ਅਸੀਂ ਚਾਹੇ ਕਿੰਨੇ ਸਾਲ ਵੀ ਬਾਹਰਲੇ ਮੁਲਕਾਂ ਵਿਚ ਰਹਿ ਲਈਏ ਪਰ ਆਪਣੇ ਪੰਜਾਬ, ਪਿੰਡ ਤੇ ਘਰ ਨਾਲ ਹਮੇਸਾ ਜੁੜੇ ਰਹਿੰਦੇ ਹਾਂ ਕਿਉਂ ਕਿ ਇੱਥੇ ਸਾਡਾ ਜਨਮ ਹੋਇਆ, ਖੇਡੇ, ਪੜ੍ਹੇ ਲਿਖੇ ਤੇ ਵੱਡੇ ਹੋਏ ਹਾਂ। ਉਨ੍ਹਾਂ ਕਿਹਾ ਕਿ ਮੈਂ 23 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਸ ਵਖਤ ਬਾਹਰ ਜਾਣ ਦਾ ਜ਼ਿਆਦਾ ਰੁਝਾਨ ਨਹੀਂ ਸੀ।
ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਮੇਰਾ ਪੈਟਰੌਲ ਪੰਪ ਦਾ ਕਾਰੋਬਾਰ ਹੈ ਜੋ ਮੈਂ 2006 ਵਿਚ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਹਰ ਕੋਈ ਬਾਹਰ ਨੂੰ ਤੁਰੀ ਫ਼ਿਰਦਾ ਹੈ ਪਰ ਉਸ ਟਾਈਮ ਤਾਂ ਕੋਈ-ਕੋਈ ਹੀ ਬਾਹਰਲੇ ਮੁਲਕ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਬਹੁਤ ਪਿਛੜਿਆ ਹੋਇਆ ਹੈ ਤੇ ਸਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ। ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿਚ ਬਹੁਤ ਦੇਰ ਇਹ ਗੱਲ ਸੀ ਕਿ ਅਸੀਂ ਮਿਲ ਕੇ ਪਿੰਡ ਦਾ ਸੁਧਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪਿੰਡ ਦੇ ਟੋਭੇ ਦੀ ਸਫ਼ਾਈ ਕਰਵਾਈ, ਫਿਰ ਸਕੂਲ ਨੂੰ ਅਪਗ੍ਰੇਡ ਕਰਵਾਇਆ ਤੇ ਪਿੰਡ ਦੇ ਆਲੇ ਦੁਆਲੇ ਦਰਖ਼ਤ ਵੀ ਲਗਵਾਏ ਹਨ।
ਉਨ੍ਹਾਂ ਕਿਹਾ ਕਿ ਹਾਲੇ ਤਾਂ ਕੰਮਾਂ ਦੀ ਸ਼ੁਰੂਆਤ ਹੀ ਹੋਈ ਹੈ ਅੱਗੇ ਹੋਰ ਬਹੁਤ ਕੰਮ ਵਰਵਾਉਣੇ ਹਨ। ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਮੈਨੂੰ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਬਹੁਤ ਪਿਛੜਿਆ ਹੋਇਆ ਹੈ ਤੇ ਆਲੇ ਦੁਆਲੇ ਦੇ ਪਿੰਡ ਵੀ ਦਿਹਾਤੀ ਹੀ ਹਨ। ਉਨ੍ਹਾਂ ਕਿਹਾ ਕਿ ਜਿਵੇਂ ਭਾਰਤ ਦੇ ਨਕਸ਼ੇ ਵਿਚ ਸ੍ਰੀਲੰਕਾ ਹੈ ਬਸ ਇਸੇ ਤਰ੍ਹਾਂ ਸਾਡੇ ਪਿੰਡ ਦਾ ਹਾਲ ਸੀ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਬਹੁਤ ਸਹਿਯੋਗ ਦਿਤਾ ਹੈ ਜਿਨ੍ਹਾਂ ਦਾ ਅਸੀਂ ਬਹੁਤ ਧਨਵਾਦ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਕੈਮਰੇ ਲਗਵਾਏ ਹਨ ਤੇ ਬੈਠਣ ਲਈ ਬੈਂਚ ਰੱਖੇ ਹਨ ਆਦਿ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪਿੰਡ ਵਿਚ ਇਕ ਲਾਈਬ੍ਰੇਰੀ ਖੋਲ੍ਹਾਂਗੇ ਤਾਂ ਜੋ ਸਾਡੇ ਪਿੰਡ ਦੀ ਨੌਜਵਾਨੀ ਪੀੜ੍ਹੀ ਪੜ੍ਹਲਿਖ ਦੇ ਜਾਗਰੂਕ ਹੋਵੇ ਤੇ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਇਕ ਵਧੀਆ ਗਰਾਊਂਡ ਤਿਆਰ ਕੀਤਾ ਹੈ ਤੇ ਹੁਣ ਇਕ ਜਿੰਮ ਵੀ ਖੋਲ੍ਹਣੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 700 ਦੇ ਕਰੀਬ ਵੋਟ ਹੈ ਤੇ 50 ਦੇ ਲੱਗਭਗ ਨੌਜਵਾਨ ਬਾਹਰਲੇ ਮੁਲਕਾਂ ਵਿਚ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਐਨਆਰਆਈ ਵੀਰ ਮੇਰਾ ਤੇ ਪਿੰਡ ਦਾ ਪੂਰਾ ਸਹਿਯੋਗ ਕਰ ਰਹੇ ਹਨ
ਤੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਸਾਡੀ ਮਦਦ ਕਰਨ ਤਾਂ ਜੋ ਅਸੀਂ ਆਪਣੇ ਪਿੰਡ ਨੂੰ ਸੋਹਣਾ ਤੇ ਕਾਮਯਾਬ ਬਣਾ ਸਕਿਏ। ਐਨਆਰਆਈ ਗੁਰਨਾਮ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤੇ ਪਿੰਡਾਂ ਵਿਚ ਵਧੀਆਂ ਗਰਾਊਂਡ ਬਣਾਉਣੇ ਚਾਹੀਦੇ ਹਨ ਤੇ ਅਸੀਂ ਤਾਂ ਹੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਾਹਰ ਜਾ ਕੇ ਕੰਮ ਕਰਨਾ ਬਹੁਤ ਔਖਾ ਹੈ ਸਾਨੂੰ ਉਥੇ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਬਾਹਰਲੇ ਮੁਲਕਾਂ ਵਲ ਭੱਜਣ ਦੀ ਬਜਾਏ ਅਸੀਂ ਇਥੇ ਚੰਗਾ ਪੜ੍ਹ ਲਿਖ ਕੇ ਚੰਗਾ ਕਾਰੋਬਾਰ ਜਾਂ ਨੌਕਰੀ ਕਰ ਸਕਦੇ ਹਾਂ ਤੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਾਂ। ਉਨ੍ਹਾਂ ਕਿਹ ਕਿ ਬਾਹਰ ਜਾ ਕੇ ਡਾਲਰ ਕਮਾਉਣੇ ਬਹੁਤ ਔਖੇ ਹਨ। ਉਨ੍ਹਾਂ ਕਿਹਾ ਕਿ ਉਥੇ ਕਿਹੜਾ ਡਾਲਰ ਦਰਖ਼ਤਾਂ ਨੂੰ ਲੱਗੇ ਹੋਏ ਹਨ ਦਿਨ ਰਾਤ ਇਕ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਡਾਲਰ ਕਮਾ ਹੁੰਦੇ ਹਨ।