
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਵਿਸ਼ਵ ਕੱਪ 'ਚ ਸ਼ਾਨਦਾਰ ਕਾਰਗੁਜਾਰੀ ਵਿਖਾਉਣ ਵਾਲੀ ਮੋਗਾ ਜ਼ਿਲ੍ਹਾ ਦੀ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਨੌਕਰੀ ਦੇਣ ਦੀ
ਚੰਡੀਗੜ੍ਹ/ਮੋਗਾ, 23 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਵਿਸ਼ਵ ਕੱਪ 'ਚ ਸ਼ਾਨਦਾਰ ਕਾਰਗੁਜਾਰੀ ਵਿਖਾਉਣ ਵਾਲੀ ਮੋਗਾ ਜ਼ਿਲ੍ਹਾ ਦੀ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਮਨਪ੍ਰੀਤ ਕੌਰ ਨੂੰ ਪੰਜ ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਜਿਸ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ-ਫ਼ਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਮੋਗਾ ਦੀ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਧੀ ਦੀ ਸ਼ਾਨਦਾਰ ਖੇਡ ਲਈ ਵਧਾਈ ਦਿਤੀ। ਮੁੱਖ ਮੰਤਰੀ ਨੇ ਹਰਮਨਪ੍ਰੀਤ ਵਲੋਂ ਨਾਬਾਦ ਰਹਿੰਦਿਆਂ 115 ਗੇਂਦਾਂ 'ਤੇ 171 ਦੌੜਾਂ ਬਣਾਉਣ ਅਤੇ ਮਹਿਲਾ ਕ੍ਰਿਕਟ ਵਿਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਿਚ ਦੂਜੇ ਨੰਬਰ ਦੀ ਖਿਡਾਰਨ ਬਣਨ ਦੀ ਭਰਵੀਂ ਸ਼ਲਾਘਾ ਕੀਤੀ। ਕੈਪਟਨ ਨੇ ਆਖਿਆ ਕਿ ਹਰਮਨਪ੍ਰੀਤ ਨੇ ਅਪਣੀ ਵਿਲੱਖਣਤਾ ਰਾਹੀਂ ਮੁਲਕ ਦਾ ਮਾਣ ਵਧਾਇਆ ਹੈ ਅਤੇ ਉਹ ਹਮੇਸ਼ਾ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਰਹੇਗੀ। ਮੁੱਖ ਮੰਤਰੀ ਨੇ ਅੱਜ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ-ਫ਼ਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੌਰ ਜਿਹੇ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸੂਬੇ ਦੀ ਖੇਡ ਨੀਤੀ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਉਭਰਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਲਈ ਖੇਡ ਨੀਤੀ ਵਿਚ ਬਦਲਾਅ ਕਰਨ ਲਈ ਕਦਮ ਚੁੱਕੇ ਜਾਣਗੇ ਕਿਉਂ ਜੋ ਪਿਛਲੀ ਬਾਦਲ ਸਰਕਾਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਖਿਡਾਰਨ ਅਤੇ ਕਪਤਾਨ ਨੂੰ ਨੌਕਰੀ ਦੇਣ ਤੋਂ ਵਾਂਝਾ ਰਖਿਆ ਸੀ।
ਹਰਮਨਪ੍ਰੀਤ ਵਲੋਂ ਅਪਣਾ ਖੇਡ ਕਰੀਅਰ ਸ਼ੁਰੂ ਕਰਨ ਮੌਕੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਪੁਲਿਸ ਦੀ ਨੌਕਰੀ ਦੇਣ ਦੀ ਅਪੀਲ ਨੂੰ ਅਕਾਲੀ ਸਰਕਾਰ ਵਲੋਂ ਮੁੱਢੋਂ ਨਕਾਰ ਦੇਣ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਹਰਮੰਦਰ ਸਿੰਘ ਨੂੰ ਦਸਿਆ ਕਿ ਜੇ ਉਨ੍ਹਾਂ ਦੀ ਧੀ ਅਜੇ ਵੀ ਸਰਕਾਰੀ ਨੌਕਰੀ ਦੀ ਚਾਹਵਾਨ ਹੈ ਤਾਂ ਉਸ ਨੂੰ ਨੌਕਰੀ ਦੇਣ ਲਈ ਉਹ ਖੇਡ ਨੀਤੀ ਵਿਚ ਤਬਦੀਲੀ ਨੂੰ ਵਿਚਾਰਨਗੇ।