
ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਕੰਪਨੀਆਂ ਦੀ ਅਜਾਰੇਦਾਰੀ ਖ਼ਤਮ ਕਰਦਿਆਂ ਵੱਖ ਵੱਖ ਰੂਟਾਂ ਤੋਂ ਚੰਡੀਗੜ੍ਹ ਆਉਂਦੀਆਂ ਤੇ ਜਾਂਦੀਆਂ ਏਸੀ ਲਗਜ਼ਰੀ ਬਸਾਂ ਦੇ 69 ਪਰਮਿਟ..
ਚੰਡੀਗੜ੍ਹ, 23 ਜੁਲਾਈ (ਜੈ ਸਿੰਘ ਛਿੱਬਰ) : ਟਰਾਂਸਪੋਰਟ ਵਿਭਾਗ ਨੇ ਪ੍ਰਾਈਵੇਟ ਬੱਸ ਕੰਪਨੀਆਂ ਦੀ ਅਜਾਰੇਦਾਰੀ ਖ਼ਤਮ ਕਰਦਿਆਂ ਵੱਖ ਵੱਖ ਰੂਟਾਂ ਤੋਂ ਚੰਡੀਗੜ੍ਹ ਆਉਂਦੀਆਂ ਤੇ ਜਾਂਦੀਆਂ ਏਸੀ ਲਗਜ਼ਰੀ ਬਸਾਂ ਦੇ 69 ਪਰਮਿਟ ਰੱਦ ਕਰ ਦਿਤੇ ਹਨ। ਪ੍ਰਾਈਵੇਟ ਕੰਪਨੀਆਂ ਦੇ ਰੱਦ ਕੀਤੇ ਪਰਮਿਟਾਂ ਵਿਚ 37 ਪਰਮਿਟ ਬਾਦਲ ਪਰਵਾਰ ਦੀ ਮਲਕੀਅਤ ਜਾਂ ਹਿੱਸੇਦਾਰੀ ਵਾਲੀ ਕੰਪਨੀਆਂ ਜੁਝਾਰ ਕੰਸਟਰਕਸ਼ਨ ਐਂਡ ਟ੍ਰੈਵਲਜ਼ ਪ੍ਰਾਈਵੇਟ ਲਿਮ., ਆਰਬਿਟ ਏਵੀਏਸ਼ਨ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨਾਲ ਸਬੰਧਤ ਹਨ। ਮਜ਼ੇਦਾਰ ਗੱਲ ਇਹ ਹੈ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਬਠਿੰਡਾ ਵਲੋਂ ਰੱਦ ਕੀਤੇ ਗਏ 16 ਪਰਮਿਟਾਂ ਵਿਚੋਂ 14 ਪਰਮਿਟ ਬਾਦਲ ਪਰਵਾਰ ਦੀਆਂ ਕੰਪਨੀਆਂ 6 ਡੱਬਵਾਲੀ ਅਤੇ 8 ਆਰਬਿਟ ਕੰਪਨੀ ਦੇ ਹਨ।
ਸੂਤਰਾਂ ਅਨੁਸਾਰ ਬੇਸ਼ੱਕ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਓ) ਪਟਿਆਲਾ, ਫ਼ਿਰੋਜ਼ਪੁਰ, ਬਠਿੰਡਾ ਅਤੇ ਜਲੰਧਰ ਨੇ ਇਹ ਪਰਮਿਟ ਰੱਦ ਕਰ ਦਿਤੇ ਹਨ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਕੰਪਨੀਆਂ ਦੀਆਂ ਬਸਾਂ ਦਾ ਚੰਡੀਗੜ੍ਹ ਆਉਣਾ ਤੇ ਜਾਣਾ ਬੇਰੋਕ ਜਾਰੀ ਹੈ। ਇਹੋ ਨਹੀਂ, ਬਠਿੰਡਾ ਖੇਤਰ 'ਚ ਸਮਾਂ ਸਾਰਣੀ ਵਿਚ ਬਦਲਾਅ ਕਰਦਿਆਂ ਬਾਦਲ ਪਰਵਾਰ ਦੀਆਂ ਕੰਪਨੀਆਂ ਨੂੰ ਸਟੇਟ ਟਰਾਂਸਪੋਰਟ ਨਾਲੋਂ ਵੱਧ ਸਮਾਂ ਦੇਣ ਦੀਆਂ ਕਨਸੋਆ ਵੀ ਮਿਲ ਰਹੀਆਂ ਹਨ। ਪੰਜਾਬ ਰੋਡਵੇਜ਼ ਦੀਆਂ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਨੇ ਪ੍ਰਾਈਵੇਟ ਬਸਾਂ ਦਾ ਪਹੀਆ ਜਾਮ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਬੀਤੇ ਦਿਨੀ ਵਿਸ਼ੇਸ਼ ਮੀਟਿੰਗ ਵੀ ਕੀਤੀ ਹੈ।
ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਅਕਾਲੀ ਭਾਜਪਾ ਸ਼ਾਸਨ ਦੇ ਦਸ ਸਾਲਾਂ ਦੌਰਾਨ ਕਿਲੋਮੀਟਰਾਂ 'ਚ ਤਿੰਨ ਤੋਂ ਚਾਰ ਵਾਰ ਵਾਧਾ ਕੀਤਾ ਗਿਆ ਸੀ ਅਤੇ ਅੱਗੇ ਤੋਂ ਅੱਗੇ ਤਿੰਨ ਚਾਰ ਵਾਰੀ ਪਰਮਿਟ ਦੀ ਮਲਕੀਅਤ ਵੀ ਬਦਲੀ ਗਈ।
ਰਿਜ਼ਨਲ ਟਰਾਂਸਪੋਰਟ ਅਥਾਰਟੀ ਪਟਿਆਲਾ ਨੇ ਅੱਠ ਪਰਮਿਟ ਰੱਦ ਕੀਤੇ ਹਨ ਜਿਨ੍ਹਾਂ ਵਿਚ ਚਾਰ ਜੁਝਾਰ ਕੰਪਨੀ ਦੇ ਹਨ। ਫ਼ਿਰੋਜ਼ਪੁਰ ਆਰ.ਟੀ.ਓ ਨੇ 15 ਪਰਮਿਟ ਰੱਦ ਕੀਤੇ ਗਏ ਹਨ ਜਿਨ੍ਹਾਂ 'ਚ 6 ਜੁਝਾਰ ਬੱਸ ਕੰਪਨੀ, ਬਠਿੰਡਾ ਵਲੋਂ ਰੱਦ ਕੀਤੇ ਗਏ 16 ਪਰਮਿਟਾਂ 'ਚ 6 ਡੱਬਵਾਲੀ ਟਰਾਂਸਪੋਰਟ ਤੇ 8 ਆਰਬਿਟ ਟਰਾਂਸਪੋਰਟ ਕੰਪਨੀ ਅਤੇ ਜਲੰਧਰ ਆਰ.ਟੀ.ਓ ਵਲੋਂ ਰੱਦ ਕੀਤੇ ਗਏ 28 ਵਿਚੋਂ 13 ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਹਨ।
ਭਾਵੇਂ ਜ਼ਿਆਦਾਤਰ ਪਰਮਿਟ ਬਾਦਲ ਪਰਵਾਰ ਦੀ ਹਿੱਸੇਦਾਰੀ ਵਾਲੀਆਂ ਕੰਪਨੀਆਂ ਦੇ ਰੱਦ ਹੋਏ ਹਨ ਪਰ ਕੁੱਝ ਹੋਰਨਾਂ ਅਕਾਲੀ, ਕਾਂਗਰਸੀ ਟਰਾਂਸਪੋਰਟਰਾਂ ਦੀਆਂ ਕੰਪਨੀਆਂ ਵੀ ਹਨ। ਇਨ੍ਹਾਂ ਵਿਚ ਲਿਬੜਾ ਬੱਸ ਸਰਵਿਸ, ਸਿਮਰਨ ਬੱਸ ਸਰਵਿਸ, ਗੋਬਿੰਦ ਮੋਟਰ ਬਰਨਾਲਾ, ਪ੍ਰੀਤਮ ਐਕਸਪ੍ਰੈਸ ਟ੍ਰੈਵਲਜ਼ ਜਲੰਧਰ, ਕਰਤਾਰ ਬੱਸ ਸਰਵਿਸ ਜਲੰਧਰ, ਭੁਪਿੰਦਰ ਕੌਰ ਮਜੀਠਾ, ਸ਼ੇਖੂਪੁਰਾ ਟਰਾਂਸਪੋਰਟ ਲੁਧਿਆਣਾ, ਰਾਜਧਾਨੀ ਟਰਾਂਸਪੋਰਟ, ਗਾਰਡੀਅਨ ਟੂਰ ਟ੍ਰੈਵਲਰਜ਼ ਅੰਮ੍ਰਿਤਸਰ, ਮਹਾਰਾਜਾ ਟ੍ਰੈਵਲਰਜ਼, ਨਿਊ ਦੀਪ ਬੱਸ ਸਰਵਿਸ, ਬਾਬਾ ਬੁੱਢਾ ਜੀ ਬੱਸ ਸਰਵਿਸ ਮੁਕਤਸਰ, ਪੀਪਲਜ਼ ਬਸ ਸਰਵਿਸ ਮੁਕਤਸਰ, ਸਟਾਰ ਟ੍ਰੈਵਲਰਜ਼ ਅੰਮ੍ਰਿਤਸਰ ਦੇ ਪਰਮਿਟ ਹਨ। ਇਹ ਸਾਰੇ ਪਰਮਿਟ ਅੰਤਰਰਾਜੀ ਰੂਟ ਤਹਿਤ ਜਾਰੀ ਕੀਤੇ ਗਏ ਸਨ। ਇੰਟਕ ਪੰਜਾਬ ਦੇ ਪ੍ਰਧਾਨ ਮੰਗਤ ਖ਼ਾਨ, ਜਨਰਲ ਸੈਕਟਰੀ ਅਵਤਾਰ ਸਿੰਘ, ਚੰਡੀਗੜ੍ਹ ਡੀਪੂ ਦੇ ਪ੍ਰਧਾਨ ਸੁਖਮਿੰਦਰ ਸਿੰਘ, ਜਨਰਲ ਸੈਕਟਰ ਅਨੁਪਮ ਕੌਸ਼ਲ, ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਨਿਜੀ ਲਗਜ਼ਰੀ ਬਸਾਂ ਦੇ ਪਰਮਿਟ ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਨਾਲ ਹੀ ਕਿਹਾ ਕਿ ਹੁਕਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਿਆਂ ਪ੍ਰਾਈਵੇਟ ਬਸਾਂ ਦਾ ਚੰਡੀਗੜ੍ਹ ਵਿਚ ਦਾਖ਼ਲਾ ਮੁਕੰਮਲ ਬੰਦ ਕੀਤਾ ਜਾਵੇ ਅਤੇ ਪੰਜਾਬ ਵਿਚ ਸਰਕਾਰੀ ਬਸਾਂ ਨੂੰ ਵੱਧ ਸਮਾਂ ਦੇ ਕੇ ਰੋਡਵੇਜ਼ ਤੇ ਪੈਪਸੂ ਨੂੰ ਮੁਨਾਫ਼ੇ 'ਚ ਲਿਆਂਦਾ ਜਾਵੇ।