
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮੇਅਰ ਆਸ਼ਾ ਜੈਸਵਾਲ ਦਾ ਡਰੀਮ ਪ੍ਰਾਜੈਕਟ ਸਮਾਰਟ ਪੇਡ ਪਾਰਕਿੰਗ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਅਜੇ ਅਫ਼ਸਰਾਂ ਦੀ...
ਚੰਡੀਗੜ੍ਹ, 21 ਜੁਲਾਈ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮੇਅਰ ਆਸ਼ਾ ਜੈਸਵਾਲ ਦਾ ਡਰੀਮ ਪ੍ਰਾਜੈਕਟ ਸਮਾਰਟ ਪੇਡ ਪਾਰਕਿੰਗ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਅਜੇ ਅਫ਼ਸਰਾਂ ਦੀ ਲਾਪ੍ਰਵਾਹੀ ਸਦਕਾ ਅੱਧਵਾਟੇ ਹੀ ਲਟਕ ਰਿਹਾ ਹੈ। ਨਗਰ ਨਿਗਮ ਵਲੋਂ ਸ਼ਹਿਰ ਦੀਆਂ ਕੁਲ 25 ਪ੍ਰਮੁੱਖ ਮਾਰਕੀਟਾਂ ਤੇ ਵਪਾਰਕ ਥਾਵਾਂ 'ਤੇ ਬਣਦੀਆਂ ਪੇਡ ਪਾਰਕਿੰਗਾਂ ਨੂੰ ਗਾਹਕਾਂ ਲਈ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਮੁੰਬਈ ਸ਼ਹਿਰ ਦੀ ਇਕ ਨਾਮੀ ਕੰਪਨੀ ਆਰੀਆ ਇਫਰਾ ਪ੍ਰਾ. ਲਿਮਟਿਡ ਨੂੰ 14.75 ਕਰੋੜ ਰੁਪਏ ਵਿਚ ਪਿਛਲੇ ਮਹੀਨੇ ਹੀ ਮਾਰਚ 2017-18 ਤਕ ਸਮਾਰਟ ਪੇਡ ਪਾਰਕਿੰਗ ਬਣਾਉਣ ਦਾ ਠੇਕਾ ਦਿਤਾ ਸੀ। ਕੰਪਨੀ ਨੇ ਇਕ ਮਹੀਨਾ ਟਰਾਇਲ ਲਈ ਪਾਰਕਿੰਗਾਂ ਚਲਾਉਣੀਆਂ ਸਨ ਫਿਰ ਨਵੇਂ ਰੇਟਾਂ ਨਾਲ ਸਮਾਰਟ ਪਾਰਕਿੰਗ ਚਾਲੂ ਕਰਨੀ ਸੀ।
ਸੂਤਰਾਂ ਅਨੁਸਾਰ ਨਗਰ ਨਿਗਮ ਵਲੋਂ ਸ਼ਹਿਰ ਦੀਆਂ 25 ਪੇਡ ਪਾਰਕਿੰਗਾਂ 'ਚ ਸੀ.ਸੀ.ਟੀ.ਵੀ. ਕੈਮਰੇ ਤੇ ਇਨ੍ਹਾਂ ਦਾ ਪ੍ਰਬੰਧ ਕੰਪਿਊਟਰ ਦੇ ਸਰਵਰ ਨਾਲ ਜੋੜਨ ਲਈ ਬਿਜਲੀ ਦੇ ਅਲੱਗ-ਅਲੱਗ ਮੀਟਰ ਲਾਉਣੇ ਸਨ ਤਾਕਿ ਮੋਟਰ-ਵਾਹਨ ਪਾਰਕ ਕਰਨ ਵਾਲੇ ਗਾਹਕਾਂ ਨੂੰ ਮੋਬਾਈਲ ਐਪ 'ਤੇ ਖ਼ਾਲੀ ਥਾਵਾਂ ਦੀ ਨਿਸ਼ਾਨਦੇਹੀ ਕਰ ਸਕਦੇ। ਇਨ੍ਹਾਂ ਮੀਟਰਾਂ ਰਾਹੀਂ ਹੀ ਕੰਪਨੀ ਨੇ ਰਾਤ ਨੂੰ ਹਨੇਰਾਂ ਦੂਰ ਕਰਨ ਲਈ ਤੇਜ਼ ਰੌਸ਼ਨੀਆਂ ਦਾ ਵੀ ਪ੍ਰਬੰਧ ਕਰਨਾ ਸੀ ਤਾਕਿ ਵਾਹਨਾਂ ਆਦਿ ਚੋਰੀ ਨਾ ਹੋ ਸਕਣ। ਪੇਡ ਪਾਰਕਿੰਗਾਂ ਨੂੰ ਸਮਾਰਟ ਬਣਾਉਣ ਲਈ ਨਗਰ ਨਿਗਮ ਪਹਿਲਾਂ ਹੀ ਹੁਣ ਤਕ ਕਰੋੜਾਂ ਰੁਪਏ ਦਾ ਘਾਟਾ ਖਾ ਚੁਕਾ ਹੈ।
ਇਸ ਕੰਮ ਲਈ ਨਗਰ ਨਿਗਮ ਤੋਂ ਠੇਕਾ ਲੈਣ ਵਾਲੀ ਕੰਪਨੀ ਦੇ ਇਕ ਨੁਮਾਇੰਦੇ ਸੰਦੀਕ ਕੁਮਾਰ ਨੇ ਸੈਕਟਰ-17 'ਚ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵਲੋਂ ਕਾਫ਼ੀ ਸਮਾਂ ਪਹਿਲਾਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੇਡ ਪਾਰਕਿੰਗਾਂ 'ਚ ਮੀਟਰ ਦੇ ਕੁਨੈਕਸ਼ਨ ਲਾਉਣ ਸਮੇਤ ਕਈ ਹੋਰ ਦਿੱਕਤਾਂ ਦੂਰ ਕਰਨ ਲਈ ਮੰਗ ਪੱਤਰ ਭੇਜਿਆ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਮੇਂ ਸਿਰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਵਲੋਂ 25 ਪੇਡ ਪਾਰਕਿੰਗਾਂ 'ਚ 50 ਤੋਂ ਵੱਧ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ, ਜਿਸ ਨਾਲ ਦੂਰ-ਦੂਰ ਤਕ ਚੌਕਸੀ ਵਧਾਈ ਜਾਵੇਗੀ।
ਦੱਸਣਯੋਗ ਹੈ ਕਿ 19 ਜੁਲਾਈ ਨੂੰ ਪੇਡ ਪਾਰਕਿੰਗਾਂ ਪੂਰੀ ਤਰ੍ਹਾਂ ਚਾਲੂ ਹੋ ਜਾਣ ਬਾਅਦ 19 ਅਕਤੂਬਰ 2017 ਨੂੰ ਹਰ 4 ਘੰਟੇ ਬਾਅਦ ਰੇਟ ਵਧਣੇ ਸ਼ੁਰੂ ਹੋ ਜਾਣਗੇ ਪਰ ਹੁਣ ਹੋਰ ਸਮਾਂ ਲੱਗ ਜਾਣ ਦੀ ਉਮੀਦ ਹੋ ਗਈ ਹੈ। ਇਸ ਸਬੰਧੀ ਪੇਡ ਪਾਰਕਿੰਗ ਪ੍ਰਾਜੈਕਟ ਬੜੇ ਉਤਸ਼ਾਹ ਨਾਲ ਪਿਛਲੇ ਸਾਲ 2016 ਤੋਂ ਹੀ ਲੱਗੇ ਹੋਏ ਸਾਬਕਾ ਮੇਅਰ ਅਰੁਣ ਸੂਦ ਨੇ ਕਿਹਾ ਕਿ ਕਿਸੇ ਤਕਨੀਕੀ ਕਾਰਨ ਪਾਰਕਿੰਗਾਂ 'ਚ ਬਿਜਲੀ ਦੇ ਮੀਟਰ ਲੱਗਣ 'ਚ ਦੇਰੀ ਹੋ ਗਈ। ਇਸ ਲਈ 10 ਦਿਨਾਂ 'ਚ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ।
ਜਾਇੰਟ ਕਮਿਸ਼ਨਰ ਮਨੋਜ ਖੱਤਰੀ ਨੇ ਕਿਹਾ ਕਿ ਇਸ ਕੰਮ ਨੂੰ ਨਿਗਮ ਵਲੋਂ ਛੇਤੀ ਹੀ ਪੂਰਾ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇ ਹੋਏ ਰੇਟ ਵੀ 3 ਮਹੀਨੇ ਬਾਅਦ ਲਾਗੂ ਹੋਣਗੇ।