
ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ 'ਚ ਅੰਗਰੇਜੀ ਅਧਿਆਯ ਲਾਗੂ ਕਰਨ ਦੇ ਫੈਸਲੇ ਨੂੰ ਤਰਕਸੰਗਤ ਨਾ ਹੋਣ ਕਰਕੇ ਇਸਨੂੰ ਤੁਰੰਤ ਰੋਕਿਆ ਜਾਵੇ
ਮੋਗਾ, 3 ਮਈ (ਅਮਜਦ ਖ਼ਾਨ/ਸੰਜੀਵ ਅਰੋੜਾ): ਅੱਜ ਪੰਜਾਬ ਸਟੂਡੈਟਸ ਯੂਨੀਅਨ ਵੱਲੋਂ ਸੂਬਾਈ ਸੱਦੇ ਤਹਿਤ ਮੋਗੇ ਜਿਲ੍ਹੇ ਦੇ ਡੀ.ਸੀ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਜਿਲ੍ਹਾ ਸਕੱਤਰ ਬ੍ਰਿਜ ਲਾਲ, ਜਿਲ੍ਹਾ ਖਜਾਨਚੀ ਜਸਵੀਰ ਕੌਰ ਮੋਗਾ, ਜਿਲ੍ਹਾ ਆਗੂ ਸੁਖਵਿੰਦਰ ਕੌਰ ਡਰੋਲੀ, ਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ 'ਚ ਅੰਗਰੇਜੀ ਅਧਿਆਯ ਲਾਗੂ ਕਰਨ ਦੇ ਫੈਸਲੇ ਨੂੰ ਬਿਲਕੁਲ ਵੀ ਤਰਕਸੰਗਤ ਨਾ ਹੋਣ ਕਰਕੇ ਇਸਨੂੰ ਤੁਰੰਤ ਰੋਕਿਆ ਜਾਵੇ। ਇਸ ਤਰ੍ਹਾਂ ਅਜਿਹੀਆਂ ਹਦਾਇਤਾਂ ਜਾਰੀ ਕਰਨਾ ਮਾਤ-ਭਾਸ਼ਾ ਪੰਜਾਬੀ ਨੂੰ ਨਕਾਰਦਿਆਂ ਅੰਗੇਰਜੀ ਨੂੰ ਪਹਿਲੇ ਤੇ ਪੰਜਾਬੀ ਨੂੰ ਦੂਜੇ ਦਰਜੇ 'ਤੇ ਧੱਕਣ ਦੀ ਕੋਸ਼ਿਸ਼ ਹੈ ਕਿਉਂਕਿ ਸਕੂਲਾਂ 'ਚ ਅੰਗਰੇਜੀ ਦੇ ਅਧਿਆਪਕ ਨਹੀ ਹਨ। ਜੇਕਰ ਅੰਗਰੇਜੀ ਅਧਿਆਯ ਨੂੰ ਲਾਗੂ ਕਰਨਾ ਹੈ ਤਾਂ ਇਸ ਤੋਂ ਪਹਿਲਾਂ ਹੀ ਅੰਗਰੇਜੀ ਅਧਿਆਯ ਲਈ ਸਕੂਲਾਂ 'ਚ ਜਰੂਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇ,
PSU submited letter to Deputy Commisioner
ਪਹਿਲਾਂ ਹੀ ਅੰਗਰੇਜੀ ਵਿਸ਼ੇ 'ਚੋਂ 10ਵੀਂ, 12ਵੀਂ ਦੇ ਬਹੁ ਗਿਣਤੀ ਵਿਦਿਆਰਥੀਆਂ ਦੀ ਅੰਗਰੇਜੀ 'ਚ ਰੀ-ਅਪੀਅਰ ਆਈ ਹੈ ਅਜਿਹਾ ਵਿਦੇਸ਼ੀ ਭਾਸ਼ਾ ਅੰਗਰੇਜੀ ਨੂੰ ਪਹਿਲਾਂ ਹੀ ਲਾਜਮੀ ਤੌਰ 'ਤੇ ਪੜ੍ਹਾਏ ਜਾਣ ਕਰਕੇ ਵਾਪਰ ਰਿਹਾ ਹੈ। ਜੇਕਰ ਹੋਰ ਵਿਸ਼ੇ ਵੀ ਅੰਗਰੇਜੀ 'ਚ ਪੜ੍ਹਾਏ ਜਾਣਗੇ ਤਾਂ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ ਕਿਉਂਕਿ ਇਹ ਵਿਦਿਆਰਥੀ ਜਿਹੜੇ 10ਵੀਂ, 12ਵੀਂ ਤੱਕ ਪੰਜਾਬੀ 'ਚ ਪੜ੍ਹਾਈ ਜਾਂਦੀ ਸਾਇੰਸ, ਹਿਸਾਬ ਵਰਗੇ ਵਿਸ਼ਿਆਂ 'ਚੋਂ ਆਸਾਨੀ ਨਾਲ ਪਾਸ ਹੋ ਜਾਂਦੇ ਸਨ ਪਰ ਗ੍ਰੇਜੁਏਸ਼ਨ 'ਚ ਸਿਰਫ ਅੰਗਰੇਜੀ ਕਰਕੇ ਹੀ ਇਹਨਾਂ ਵਿਸ਼ਿਆਂ 'ਚੋਂ ਫੇਲ ਹੋਣ ਲੱਗਦੇ ਹਨ। ਇਸ ਸਭ ਦਾ ਵੱਡਾ ਨੁਕਸਾਨ ਆਮ ਗਰੀਬ ਵਰਗ ਬੱਚਿਆਂ ਨੂੰ ਹੋ ਰਿਹਾ ਹੈ ਤੇ ਅੰਗਰੇਜੀ ਅਧਿਆਯ ਲਾਗੂ ਕਰਨ ਵਾਲੇ ਫੈਸਲੇ ਨਾਲ ਹੋਰ ਵੀ ਹੋਵੇਗਾ। ਇਸ ਲਈ ਮਾਤ ਭਾਸ਼ਾ ਨੂੰ ਵਿਸਾਰਨਾ ਤੇ ਅੰਗਰੇਜੀ ਦੀ ਸਰਦਾਰੀ ਕਾਇਮ ਕਰਨਾ ਆਮ ਗਰੀਬ ਵਰਗ ਨੂੰ ਸਿੱਖਿਆ 'ਚੋਂ ਬਾਹਰ ਕਰਨ ਦੀ ਇੱਕ ਸਾਜਿਸ ਜਾਪ ਰਹੀ ਹੈ। ਇਸ ਲਈ ਇਸਨੂੰ ਤੁਰੰਤ ਰੋਕਿਆ ਜਾਵੇ। ਇਸ ਮੌਕੇ ਪੰਜਾਬ ਸਟੂਡੈਟਸ ਯੂਨੀਅਨ ਦੇ ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਅਵਤਾਰ ਸਿੰਘ ਆਦਿ ਹਾਜਰ ਸਨ।