
ਅੱਜ ਸਮਾਣਾ ਦੇ ਸਰਾਂਪਤੀ ਚੌਕ ਵਿਚ ਪੁਰਾਣੀ ਰੰਜਸ ਤੇ ਚਲਦਿਆਂ ਇਕ ਨਾਮਵਰ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਪਿਉ-ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ।
ਪਟਿਆਲਾ, 3 ਮਈ (ਤੇਜਿੰਦਰ ਫ਼ਤਿਹਪੁਰ) : ਅੱਜ ਸਮਾਣਾ ਦੇ ਸਰਾਂਪਤੀ ਚੌਕ ਵਿਚ ਪੁਰਾਣੀ ਰੰਜਸ ਤੇ ਚਲਦਿਆਂ ਇਕ ਨਾਮਵਰ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਪਿਉ-ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਬ੍ਰਹਮ ਪ੍ਰਕਾਸ਼ (68) ਰਿਟਾ: ਪੁਲਿਸ ਮੁਲਾਜ਼ਮ ਅਤੇ ਉਸ ਦਾ ਬੇਟਾ ਸਨੀ (22) ਸਰਾਂਪਤੀ ਚੌਕ ਵਿਖੇ ਜਾ ਰਹੇ ਸਨ ਤਾਂ ਤੇਜਿੰਦਰ ਪਾਲ ਸਿੰਘ ਉਰਫ਼ ਪੀਟਰ ਵੀ ਅਪਣੀ ਗੱਡੀ 'ਤੇ ਲੰਘ ਰਿਹਾ ਸੀ। ਉਸ ਨੇ ਬ੍ਰਹਮ ਪ੍ਰਕਾਸ਼ ਨੂੰ ਵੇਖਣ ਉਪਰੰਤ ਗੱਡੀ 'ਚੋਂ ਉਤਰ ਕੇ ਅਪਣੇ ਨਿਜੀ ਰਿਵਾਲਵਰ ਨਾਲ ਗੋਲੀਆਂ ਚਲਾ ਦਿਤੀਆਂ।
ਬ੍ਰਹਮ ਪ੍ਰਕਾਸ਼ ਨੂੰ ਦੋ ਗੋਲੀਆਂ ਲੱਗੀਆਂ ਜਿਸ ਨੂੰ ਬਚਾਉਣ ਲਈ ਉਸ ਦਾ ਲੜਕਾ ਸਨੀ ਅੱਗੇ ਆਇਆ ਤਾਂ ਪੀਟਰ ਨੇ ਉਸ ਦੇ ਵੀ ਸਿੱਧੀ ਗੋਲੀ ਮਾਰੀ ਜਿਸ ਕਾਰਨ ਦੋਵੇਂ ਪਿਉ-ਪੁੱਤਰ ਗੰਭੀਰ ਜਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿਤਾ। ਥਾਣਾ ਸਿਟੀ ਦੇ ਮੁਖੀ ਜਸਪ੍ਰੀਤ ਸਿੰਘ ਤੇ ਥਾਣਾ ਸਦਰ ਦੇ ਮੁਖੀ ਰਣਬੀਰ ਸਿੰਘ ਪੁਲਿਸ ਪਾਰਟੀਆਂ ਨਾਲ ਘਟਨਾ ਸਥਾਨ 'ਤੇ ਪਹੁੰਚੇ ਤੇ ਮੁੱਢਲੀ ਜਾਂਚ ਸ਼ੁਰੂ ਕਰ ਦਿਤੀ।
File photo
ਥਾਣਾ ਸ਼ਹਿਰੀ ਮੁੱਖੀ ਨੇ ਕਿਹਾ ਕਿ ਮ੍ਰਿਤਕ ਬ੍ਰਹਮ ਪ੍ਰਕਾਸ਼ ਦੇ ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਅਜੇ ਫ਼ਰਾਰ ਹੈ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਵਲੋਂ ਦੋਸ਼ੀ ਗ੍ਰਿਫ਼ਤਾਰ
ਅੱਜ ਸਮਾਣਾ ਵਿਖੇ ਸਾਬਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦੇ ਗੋਲੀਆਂ ਮਾਰ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐੱਸ ਪੀ ਡੀ ਹਰਮੀਤ ਸਿੰਘ ਹੁੰਦਲ ਨੇ ਦਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਸ਼ੀ ਅਪਣੀ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ ਸੀ ਜੋ ਕਿ ਗੱਡੀ ਕਾਫੀ ਤੇਜ਼ ਭਜਾ ਰਿਹਾ ਸੀ ਤੇ ਪੁਲਿਸ ਪਾਰਟੀ ਨੇ ਵੀ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ ਸੀ ਦੋਸ਼ੀ ਵਲੋਂ ਤੇਜ਼ ਰਫਤਾਰ ਭਜਾਈ ਜਾ ਰਹੀ ਗੱਡੀ ਜੋ ਕਿ ਸਮਾਣਾ ਦੇ ਪਿੰਡ ਫਤਹਿ ਮਾਜਰੀ ਕੋਲ ਦਰੱਖਤ ਵਿਚ ਜਾ ਵੱਜੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।