
ਆਸਟ੍ਰੇਲੀਆ ਨੇ 75 ਰੂਸੀ ਸੰਸਦ ਮੈਂਬਰਾਂ ਅਤੇ ਕਈ ਡੀਪੀਆਰ, ਐਲਪੀਆਰ ਮੰਤਰੀਆਂ ’ਤੇ ਲਾਈ ਪਾਬੰਦੀ
ਕੈਨਬਰਾ, 4 ਮਈ : ਰੂਸ-ਯੂਕ੍ਰੇਨ ਵਿਚਕਾਰ ਜਾਰੀ ਯੁੱਧ ਦਰਮਿਆਨ ਆਸਟ੍ਰੇਲੀਆ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੇ ਰੂਸੀ ਰਾਜ ਡੂਮਾ ਦੇ 75 ਸੰਸਦ ਮੈਂਬਰਾਂ ਦੇ ਨਾਲ-ਨਾਲ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰਿਪਬਲਿਕ (ਡੀਪੀਆਰ ਅਤੇ ਐਲਪੀਆਰ) ਦੇ ਕਈ ਪ੍ਰਮੁੱਖ ਮੰਤਰੀਆਂ ਨੂੰ ਪਾਬੰਦੀਆਂ ਦੀ ਸੂਚੀ ਵਿਚ ਰਖਿਆ ਹੈ। ਆਸਟ੍ਰੇਲੀਆਈ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੀ ਵੈੱਬਸਾਈਟ ’ਤੇ ਡਾਟਾ ਸੂਚੀ ਵਿਚ ਜਾਣਕਾਰੀ ਦਿੱਤੀ ਗਈ।
ਦਸਤਾਵੇਜ਼ ਅਨੁਸਾਰ ਸੂਚੀ ਵਿਚ 20 ਤੋਂ ਵੱਧ ਡੀਪੀਆਰ ਮੰਤਰੀ ਅਤੇ 15 ਐਲਪੀਆਰ ਮੰਤਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰੂਸ ਨੇ 24 ਫ਼ਰਵਰੀ ਨੂੰ ਯੂਕ੍ਰੇਨ ਵਿਚ ਇਕ ਵਿਸ਼ੇਸ਼ ਫ਼ੌਜੀ ਮੁਹਿੰਮ ਸ਼ੁਰੂ ਕੀਤੀ, ਜੋ ਕਿ ਯੂਕ੍ਰੇਨ ਦੀਆਂ ਫ਼ੌਜਾਂ ਦੁਆਰਾ ਤੇਜ਼ ਹੋ ਰਹੇ ਹਮਲਿਆਂ ਤੋਂ ਸੁਰੱਖਿਆ ਲਈ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕਸ ਦੀਆਂ ਕਾਲਾਂ ਦੇ ਜਵਾਬ ਵਿੱਚ ਸੀ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਵਿਸ਼ੇਸ਼ ਆਪ੍ਰੇਸ਼ਨ, ਜੋ ਕਿ ਯੂਕ੍ਰੇਨ ਦੇ ਫ਼ੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਾ ਹੈ, ਦਾ ਉਦੇਸ਼ ਯੂਕ੍ਰੇਨ ਨੂੰ ਗ਼ੈਰ ਮਿਲਟਰੀਕਰਨ ਕਰਨਾ ਹੈ। ਮਾਸਕੋ ਨੇ ਕਿਹਾ ਹੈ ਕਿ ਉਸ ਦੀ ਯੂਕ੍ਰੇਨ ’ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿਚ ਪਛਮੀ ਦੇਸ਼ਾਂ ਨੇ ਰੂਸ ’ਤੇ ਕਈ ਪਾਬੰਦੀਆਂ ਲਗਾਈਆਂ ਹਨ। (ਏਜੰਸੀ)