
ਸ. ਥਮਿੰਦਰ ਸਿੰਘ ਅਨੰਦ ਦੀ ਪੇਸ਼ਕਸ਼ ਠੁਕਰਾ ਕੇ ਕੁਰਾਹੀਆ ਘੋਸ਼ਿਤ ਕੀਤਾ
ਮਹੀਨੇ ਅੰਦਰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਵੇ ਥਮਿੰਦਰ ਸਿੰਘ : ਜਥੇਦਾਰ
ਚੰਡੀਗੜ੍ਹ, 3 ਮਈ : ਅੱਜ ਦੇ ਜ਼ਮਾਨੇ ਵਿਚ ਕਿਸੇ ਵੀ ਧਰਮ ਵਿਚ ਪੁਜਾਰੀਵਾਦ, ਅਪਣੇ ਵਿਦਵਾਨਾਂ ਨਾਲ ਉਹ ਮਾੜਾ ਸਲੂਕ ਨਹੀਂ ਕਰਦਾ ਜਿਸ ਤਰ੍ਹਾਂ ਦਾ ਸਲੂਕ 'ਅਕਾਲ ਤਖ਼ਤ' ਦੇ ਨਾਂ ਤੇ 'ਸਿੱਖ ਪੁਜਾਰੀਵਾਦ' ਕਰਦਾ ਹੈ | 500 ਸਾਲ ਪਹਿਲਾਂ ਈਸਾਈ ਪੁਜਾਰੀਵਾਦ ਵਿਰੁਧ ਪਹਿਲੀ ਬਗ਼ਾਵਤ ਹੋਈ ਜੋ ਸਫ਼ਲ ਵੀ ਰਹੀ ਤੇ ਪੋਪ ਨੂੰ ਇਕ 'ਰਸਮੀ' ਧਾਰਮਕ ਆਗੂ ਬਣਾ ਕੇ ਹੀ ਰੁਕੀ | 2003 ਵਿਚ ਇੰਟਰਨੈਸ਼ਨਲ ਸਿੱਖ ਕਾਨਫ਼ਰੰਸ ਨੇ ਵੀ ਇਹੀ ਫ਼ੈਸਲਾ ਦਿਤਾ ਕਿ ਸਿੱਖ ਧਰਮ ਵਿਚ ਪੁਜਾਰੀਵਾਦ ਵਿਰੁਧ ਲਈ ਕੋਈ ਥਾਂ ਨਹੀਂ, ਇਸ ਲਈ ਪੁਜਾਰੀਆਂ ਦਾ ਕੋਈ ਹੁਕਮ ਸਿੱਖ ਨਾ ਮੰਨਣ | ਉਦੋਂ ਸ਼ੋ੍ਰਮਣੀ ਕਮੇਟੀ ਵਾਲੇ ਉਸ ਅੰਦੋਲਨ ਦੇ ਆਗੂਆਂ ਵਿਚ ਫੁੱਟ ਪਾਉਣ ਵਿਚ ਕਾਮਯਾਬ ਹੋਏ ਤੇ ਅਕਾਲ ਤਖ਼ਤ ਦਾ ਨਾਂ ਵਰਤ ਕੇ ਪੁਜਾਰੀਵਾਦ ਲਗਾਤਾਰ ਸਿੱਖ ਵਿਦਵਾਨਾਂ ਨੂੰ ਜ਼ਲੀਲ ਕਰਦਾ ਆ ਰਿਹਾ ਜਿਸ ਲੜੀ ਵਿਚ ਪੋ੍ਰ. ਪਿਆਰ ਸਿੰਘ, ਪ੍ਰੋ. ਦਰਸ਼ਨ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਸ. ਜੋਗਿੰਦਰ ਸਿੰਘ ਤੇ ਸਪੋਕਸਮੈਨ ਨੂੰ ਸੱਚ ਲਿਖਣ ਤੋਂ ਰੋਕਦਾ ਰੋਕਦਾ ਅੱਜ ਅਮਰੀਕਾ ਦੇ ਇਕ ਸਿੱਖੀ ਦੇ ਪੱਕੇ ਹਮਦਰਦ ਦੀ ਪੇਸ਼ਕਸ਼ ਨੂੰ ਠੁਕਰਾ ਕੇ ਵੀ ਉਸ ਨੂੰ ਤਨਖ਼ਾਹੀਆ ਕਰਾਰ ਦੇਣ ਵਿਚ ਸਫ਼ਲ ਰਿਹਾ ਹੈ | ਅਪਣੇ ਵਰਗੇ ਡੇਰੇਦਾਰ ਤੇ ਹੋਰ ਪੁਜਾਰੀਵਾਦੀ ਸਾਥੀਆਂ ਦੀ ਮਦਦ ਨਾਲ ਅੱਜ ਫਿਰ 'ਹੁਕਮਨਾਮਾ' ਜਾਰੀ ਕਰ ਦਿਾ ਗਿਆ ਹੈ | ਨਿਰਪੱਖ ਸਿੱਖ ਵਿਦਵਾਨਾਂ ਨੂੰ ਸਪੋਕਸਮੈਨ ਨੂੰ ਟੈਲੀਫ਼ੋਨ ਕਰ ਕੇ ਕਿਹਾ ਕਿ ਹੋਰ ਕਿਸੇ ਧਰਮ ਵਿਚ ਵਿਦਵਾਨਾਂ ਨੂੰ ਇਸ ਤਰ੍ਹਾਂ ਜ਼ਲੀਲ ਨਹੀਂ ਕੀਤਾ ਜਾਂਦਾ ਤੇ 2003 ਵਾਲਾ ਅੰਦੋਲਨ ਮੁੜ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਵਿਦਵਾਨ ਡਾਢੇ ਨਿਰਾਸ਼ ਹੋ ਰਹੇ ਹਨ ਤੇ ਪੁਜਾਰੀਆਂ ਤੋਂ ਡਰਦੇ ਤੇ ਸਿੱਖ ਧਰਮ ਬਾਰੇ ਲਿਖਣਾ ਹੀ ਛੱਡ ਰਹੇ ਹਨ |
ਅੰਮਿ੍ਤਸਰ ਤੋਂ ਪ੍ਰਾਪਤ ਸਰਕਾਰੀ ਪ੍ਰੈਸ ਨੋਟ ਜੋ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਅਗਵਾਈ ਹੇਠ ਪੰਥਕ ਇਕੱਠ ਬੁਲਾਇਆ ਗਿਆ ਜਿਸ ਵਿਚ ਜਥੇਦਾਰ ਗਿ. ਹਰਪ੍ਰੀਤ ਸਿੰਘ ਤੇ ਹੋਰਨਾਂ ਨੇ ਵਿਚਾਰਾਂ ਕਰਨ ਉਪਰੰਤ ਦਸਿਆ ਕਿ ਥਮਿੰਦਰ ਸਿੰਘ ਅਮਰੀਕਾ ਵਾਸੀ ਨੂੰ ਅਪਣੀ ਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਬਦੀਲੀਆਂ ਕਰਨ ਬਦਲੇ 'ਜਥੇਦਾਰਾਂ' ਵਲੋਂ ਇਸ ਦੁਆਰਾ ਕੀਤੀ ਆਨ-ਲਾਈਨ/ ਆਫ਼ਲਾਈਨ ਅਣਅਧਿਕਾਰਤ ਛਪਾਈ 'ਤੇ ਰੋਕ ਲਗਾ ਕੇ ਇਸ ਨੂੰ ਤਨਖ਼ਾਹੀਆ ਘੋਸ਼ਿਤ ਕੀਤਾ ਗਿਆ ਤੇ ਇਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਿਜੀ ਤੌਰ 'ਤੇ ਪੇਸ਼ ਹੋ ਕੇ ਇਸ ਕਾਰਜ ਸਬੰਧੀ ਸਾਰਾ ਰਿਕਾਰਡ ਹਾਜ਼ਰ ਕਰਨ ਦਾ ਆਦੇਸ਼ ਕੀਤਾ ਹੈ | ਸਮੂਹ ਸਿੱਖਾਂ ਨੂੰ ਆਦੇਸ਼ ਹੈ ਕਿ ਇਸ ਨੂੰ ਕੋਈ ਮੂੰਹ ਨਾ ਲਗਾਵੇ | ਨਾਲ ਹੀ ਓਅੰਕਾਰ ਸਿੰਘ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਗੁਰਬਾਣੀ ਸੇਧਾਂ ਦੇ ਨਾਮ ਹੇਠ ਕੀਤੇ ਕਾਰਜ ਨੂੰ ਤੁਰਤ ਬੰਦ ਕਰ ਕੇ ਅਪਣਾ ਸਾਰਾ ਰਿਕਾਰਡ ਖ਼ੁਦ ਪੇਸ਼ ਹੋ ਕੇ ਖਰੜੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਮ੍ਹਾਂ ਕਰਵਾਏ ਅਤੇ ਕਾਰਜ ਦੀ ਗੁਰੂ ਪੰਥ ਪਾਸੋਂ ਭੁਲ ਬਖ਼ਸ਼ਾਵੇ |
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੱਥੀ ਲਿਖਣ ਦੀ ਸੇਵਾ ਬਾਰੇ ਪੁੱਜੀ ਮੰਗ ਬਾਰੇ ਵਿਦਵਾਨਾਂ ਦੀ ਕਮੇਟੀ ਵਲੋਂ ਕੀਤੀ ਸਿਫ਼ਾਰਸ਼ 'ਤੇ ਕੁੱਝ ਸੋਧ ਕਰਨ ਉਪਰੰਤ ਫ਼ੈਸਲਾ ਕੀਤਾ ਗਿਆ ਹੈ ਕਿ ਜੋ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਪਣੇ ਹੱਥੀ ਲਿਖਣ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਉਹ ਸਕੱਤਰ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਵਾਨਤ ਨਿਯਮਾਵਲੀ ਦੀਆਂ ਸ਼ਰਤਾਂ ਪੂਰੀਆਂ ਕਰ ਕੇ ਆਗਿਆ ਦਾ ਪੱਤਰ ਪ੍ਰਾਪਤ ਕਰਨ ਉਪਰੰਤ ਸੇਵਾ ਕਰ ਸਕਦੀਆਂ ਹਨ | ਲੰਮੇ ਸਮੇਂ ਤੋਂ ਜੇਲਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਦਿੱਲੀ ਅਤੇ ਸਿੱਖ ਸੰਸਥਾਵਾਂ, ਜਥੇਬੰਦੀਆਂ, ਸੰਪਰਦਾਵਾਂ ਨੂੰ ਆਦੇਸ਼ ਕੀਤਾ ਹੈ ਕਿ ਸਾਰੇ ਰਲ ਕੇ ਸਾਂਝੇ ਰੂਪ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯਤਨ ਕਰਨ | ਪਿੰਡ ਰੋਡੇ ਦੀ ਸੰਗਤ ਵਲੋਂ ਪੁੱਜੇ ਪੱਤਰ ਰਾਹੀਂ ਜਾਣਕਾਰੀ ਦਿਤੀ ਗਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਸਿੰਘ ਟਾਵਰ 'ਤੇ ਚੜਿ੍ਹਆ ਹੈ | ਉਸ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਖ਼ੁਦਕੁਸ਼ੀ ਕਰਨਾ ਸਿੱਖ ਧਰਮ ਦੀ ਪ੍ਰੰਪਰਾ ਨਹੀਂ ਹੈ | ਇੰਟਰਨੈੱਟ ਉਪਰ ਚਲ ਰਹੇ 21 ਦੇ ਕਰੀਬ ਗੁਰਬਾਣੀ ਐਪਸ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਂਚ ਕਰਵਾਈ ਗਈ | ਕੇਵਲ 'ਨਿਤਨੇਮ' ਦੇ ਪਾਠ ਵਿਚ ਹੀ ਕਈ ਤਰੁੱਟੀਆਂ ਪਾਈਆਂ ਗਈਆਂ ਹਨ | 'ਜਥੇਦਾਰਾਂ' ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਨੂੰ ਆਦੇਸ਼ ਕੀਤਾ ਗਿਆ ਹੈ ਕਿ ਇੰਟਰਨੈੱਟ ਉਪਰ ਚਲ ਰਹੇ ਗੁਰਬਾਣੀ ਐਪਸ ਦੀ ਇਕ ਮਹੀਨੇ ਦੇ ਅੰਦਰ-ਅੰਦਰ ਸੁਧਾਈ ਕਰਵਾਈ ਜਾਵੇ ਨਹੀਂ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਵਾ ਕੇ ਬੰਦ ਕਰਵਾਇਆ ਜਾਵੇ |