
ਪੁਲਿਸ ਨੇ ਇਹਨਾਂ ਖ਼ਿਲਾਫ਼ ਪਹਿਲਾਂ ਹੀ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਪੋਸਟਰ ਦੇ ਹੇਠਾਂ ਫੋਨ ਨੰਬਰ ਦਿੱਤੇ ਗਏ ਹਨ।
ਚੰਡੀਗੜ੍ਹ: ਕੋਰੋਨਾ ਨਿਯਮਾਂ ਦੀ ਉਲੰਘਣਾ ਅਤੇ ਜਬਰ ਜ਼ਨਾਹ ਮਾਮਲੇ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਆਤਮਾ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ 7 ਲੋਕਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪੋਸਟਰ ਲਗਾਏ ਜਾਣ ਦੇ ਬਾਵਜੂਦ ਬੈਂਸ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹਨ। ਤਾਜ਼ਾ ਪੋਸਟ ਵਿਚ ਸਾਬਕਾ ਵਿਧਾਇਕ ਨੇ ਅਪਣੇ ਖ਼ਿਲਾਫ਼ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਨ ਬਾਰੇ ਲਿਖਿਆ ਹੈ।
ਫੇਸਬੁੱਕ ਪੋਸਟ ਵਿਚ ਸਿਮਰਜੀਤ ਬੈਂਸ ਨੇ ਲਿਖਿਆ, ‘ਬੱਦਲਾਂ ਦੀ ਗਰਜ ਸੁਣ ਕੇ ਚਿੜੀਆਂ ਆਪਣਾ ਰਾਹ ਬਦਲ ਲੈਂਦੀਆਂ ਹੋਣਗੀਆਂ ਪਰ ਬਾਜ਼ ਹਮੇਸ਼ਾ ਤੂਫ਼ਾਨਾਂ ਦੇ ਉਲਟ ਉੱਡਦਾ ਅਤੇ ਮੰਜ਼ਿਲ ਫ਼ਤਹਿ ਕਰਦਾ। ਕੋਈ ਪਹਿਲੀ ਵਾਰ ਨਹੀਂ ਸਿਆਸੀ ਬਦਲਾ ਖੋਰੀ ਨਾਲ ਝੂਠੇ ਪੁਲਸ ਮੁਕੱਦਮੇ ਦਰਜ ਕਿੱਤੇ ਗਏ ਹੋਣ’। ਬੈਂਸ ਨੇ ਅੱਗੇ ਕਿਹਾ ਕਿ ਇਹ ਵਕਤ ਦਾ ਫੇਰ ਹੈ ਅਤੇ ਉਹ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾਂ ਪਾਕ ਸਾਫ਼ ਹੋ ਕੇ ਇਸ ਮੁਕੱਦਮੇ ਤੋਂ ਬਾਹਰ ਆਉਣਗੇ ਅਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਕੇ ਦਮ ਲੈਣਗੇ।
ਦੱਸ ਦੇਈਏ ਕਿ ਲੁਧਿਆਣਾ ਪੁਲਿਸ ਵੱਲੋਂ ਲੋੜੀਂਦੇ ਐਲਾਨੇ ਗਏ ਸੱਤ ਮੁਲਜ਼ਮਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਬੱਬੀ ਦੇ ਪੋਸਟਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾ ਦਿੱਤੇ ਹਨ। ਪੁਲਿਸ ਨੇ ਇਹਨਾਂ ਖ਼ਿਲਾਫ਼ ਪਹਿਲਾਂ ਹੀ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਪੋਸਟਰ ਦੇ ਹੇਠਾਂ ਫੋਨ ਨੰਬਰ ਦਿੱਤੇ ਗਏ ਹਨ। ਜਿਸ ਨੂੰ ਵੀ ਬੈਂਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਉਹ ਇਹਨਾਂ ਦਿੱਤੇ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਪੁਲਿਸ ਵਲੋਂ ਆਮ ਜਨਤਾ ਇਹਨਾਂ ਬਾਰੇ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਹੈ।