
ਤਾਲਿਬਾਨ ਨੇ ਔਰਤਾਂ ਲਈ ‘ਡਰਾਈਵਿੰਗ ਲਾਇਸੈਂਸ’ ਜਾਰੀ ਕਰਨ ’ਤੇ ਲਾਈ ਪਾਬੰਦੀ
ਕਾਬੁਲ, 4 ਮਈ : ਤਾਲਿਬਾਨ ਦੇ ਸ਼ਾਸਨ ’ਚ ਅਫ਼ਗ਼ਾਨਿਸਤਾਨ ਔਰਤਾਂ ਲਈ ਨਰਕ ਵਾਂਗ ਬਣਦਾ ਜਾ ਰਿਹਾ ਹੈ। ਤਾਲਿਬਾਨ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਆਜ਼ਾਦ ਨਹੀਂ ਦੇਖ ਸਕਦਾ, ਹੁਣ ਉਹ ਚਾਹੁੰਦਾ ਹੈ ਕਿ ਔਰਤਾਂ ਵਾਹਨ ਨਾ ਚਲਾਉਣ। ਇਸ ਲਈ ਉਸ ਨੇ ਇਕ ਨਵਾਂ ਫ਼ੁਰਮਾਨ ਜਾਰੀ ਕਰ ਕੇ ਡਰਾਈਵਿੰਗ ਇੰਸਟ੍ਰਕਟਰਾਂ ਨੂੰ ਕਿਹਾ ਹੈ ਕਿ ਉਹ ਔਰਤਾਂ ਲਈ ਲਾਇਸੈਂਸ ਜਾਰੀ ਨਾ ਕਰਨ। ਅਫ਼ਗ਼ਾਨਿਸਤਾਨ ਭਾਵੇਂ ਇਕ ਰੂੜ੍ਹੀਵਾਦੀ ਅਤੇ ਪਿਤਾ-ਪੁਰਖੀ ਦੇਸ਼ ਹੈ ਪਰ ਇਥੇ ਹੇਰਾਤ ਵਰਗੇ ਕਈ ਵੱਡੇ ਸ਼ਹਿਰਾਂ ਵਿਚ ਔਰਤਾਂ ਲਈ ਕਾਰਾਂ ਚਲਾਉਣਾ ਆਮ ਗੱਲ ਹੈ। ਹੇਰਾਤ ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ ਦੇ ਉਦਾਰਵਾਦੀ ਸ਼ਹਿਰਾਂ ਵਿਚ ਗਿਣਿਆ ਜਾਂਦਾ ਰਿਹਾ ਹੈ।
ਹੇਰਾਤ ਦੇ ਟ੍ਰੈਫ਼ਿਕ ਮੈਨੇਜਮੈਂਟ ਇੰਸਟੀਚਿਊਟ ਦੇ ਮੁਖੀ ਜਾਨ ਆਗਾ ਅਚਕਜ਼ਈ ਨੇ ਕਿਹਾ ਕਿ ਤਾਲਿਬਾਨ ਨੇ ਸਾਨੂੰ ਜ਼ੁਬਾਨੀ ਤੌਰ ’ਤੇ ਔਰਤਾਂ ਨੂੰ ਲਾਇਸੈਂਸ ਜਾਰੀ ਨਾ ਕਰਨ ਦਾ ਹੁਕਮ ਦਿਤਾ ਹੈ। ਟਰੇਨਿੰਗ ਇੰਸਟੀਚਿਊਟ ਚਲਾਉਣ ਵਾਲੀ 29 ਸਾਲਾ ਡਰਾਈਵਿੰਗ ਇੰਸਟ੍ਰਕਟਰ ਅਦੀਲਾ ਅਦੀਲ ਨੇ ਕਿਹਾ ਕਿ ਤਾਲਿਬਾਨੀ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਉਹ ਆਜ਼ਾਦੀ ਨਾ ਮਿਲੇ, ਜਿਸ ਦਾ ਉਨ੍ਹਾਂ ਦੀਆਂ ਮਾਵਾਂ ਨੇ ਆਨੰਦ ਮਾਣਿਆ ਹੈ। ਤਾਲਿਬਾਨ ਨੇ ਸਾਨੂੰ ਡਰਾਈਵਿੰਗ ਨਾ ਸਿਖਾਉਣ ਜਾਂ ਡਰਾਈਵਿੰਗ ਲਾਇਸੈਂਸ ਜਾਰੀ ਨਾ ਕਰਨ ਲਈ ਕਿਹਾ ਹੈ। (ਏਜੰਸੀ)