
ਕਿਹਾ, ਪਾਰਟੀ ਸੂਬੇ 'ਚ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ
Raja Warring News: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਅੱਜ ਇੱਥੇ ਆਪਣੀਆਂ ਚੋਣ ਮੀਟਿੰਗਾਂ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ “ਕਾਂਗਰਸ ਦੇ ਮੁਕਾਬਲੇ ਮੈਦਾਨ ਵਿਚ ਹੋਰ ਕੋਈ ਨਹੀਂ ਹੈ ਜੋ ਮਜ਼ਬੂਤ ਹੋਵੇ”। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿਚ ਸਿਰਫ਼ ਕਾਂਗਰਸ ਦੀ ਮੌਜੂਦਗੀ ਹੈ ਜਦਕਿ ਬਾਕੀ ਸਾਰੀਆਂ ਪਾਰਟੀਆਂ ਬਹੁਤ ਹੀ ਕਮਜ਼ੋਰ ਤੇ ਹਲਕੇ ਮਿਆਰ ਵਾਲੀਆਂ ਹਨ।
ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਇੱਕ ਸਵਾਲ ਦੇ ਜਵਾਬ ਵਿਚ, ਉਹਨਾਂ ਨੇ ਕਿਹਾ, ਸਾਲ 2022 ਵਾਲਾ ਵਾਕਿਆ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ, ਆਮ ਆਦਮੀ ਪਾਰਟੀ ਹੁਣ ਦੁਬਾਰਾ ਪੰਜਾਬ ਵਿਚ ਨਹੀਂ ਆ ਸਕਦੀ। ਉਨ੍ਹਾਂ ਕਿਹਾ, “ਆਪ ਦੇ ਜ਼ਿਆਦਾਤਰ ਉਮੀਦਵਾਰ, ਜਿਨ੍ਹਾਂ ਵਿਚ ਲੁਧਿਆਣਾ ਦਾ ਵੀ ਇੱਕ ਉਮੀਦਵਾਰ ਸ਼ਾਮਲ ਹੈ, ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।” ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਸਮੇਤ ਸਾਰੀਆਂ ਲੋਕ ਸਭਾ ਚੋਣਾਂ ਵਿਚ ਮਾੜਾ ਪ੍ਰਦਰਸ਼ਨ ਕੀਤਾ ਹੈ, ਸਾਲ 2019 ਵਿਚ ਸੱਤ ਸੰਸਦੀ ਹਲਕਿਆਂ ਵਿੱਚੋਂ ਪੰਜ ਵਿੱਚੋਂ ਮੁਸ਼ਕਿਲ ਨਾਲ ਤੀਜੇ ਸਥਾਨ ’ਤੇ ਰਹੀ ਸੀ ਤੇ ਇਸ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ 2019 ਨਾਲੋਂ ਹੋਰ ਹੇਠਾਂ ਜਾ ਸਕਦੀ ਹੈ”।
ਰਾਜਾ ਵੜਿੰਗ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ, “ਪਿਛਲੀ ਵਾਰ ਰਾਜ ਦੇ 13 ਸੰਸਦੀ ਹਲਕਿਆਂ ਵਿੱਚੋਂ 12 ਵਿਚ ਜ਼ਮਾਨਤ ਜਮ੍ਹਾ ਗੁਆ ਦਿੱਤੀ ਸੀ, ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਆਪਣੀ ਜਿੱਤ ਲਈ ਲੋਕਾਂ ਅੱਗੇ ਹੱਥ-ਪੈਰ ਮਾਰਦਾ ਦਿਖਾਈ ਦੇ ਰਿਹਾ ਹੈ, ਉਥੇ ਹੀ ਭਾਜਪਾ ਇੱਕ ਹਾਸ਼ੀਏ ਵਾਲਾ ਖਿਡਾਰੀ ਹੈ, ਜਿਸ ਦਾ ਥੋੜ੍ਹਾ-ਬਹੁਤ ਪ੍ਰਭਾਵ ਹੈ। ਉਹ ਨਗਰ ਨਿਗਮ ਚੋਣਾਂ ਵਿਚ ਕੁਝ ਸੀਟਾਂ ਜਿੱਤਣ ਦੇ ਯੋਗ ਹੋ ਸਕਦੇ ਹਨ, ਇਸ ਤੋਂ ਵੱਧ ਉਹਨਾਂ ਦੇ ਹੱਥ-ਪੱਲੇ ਕੁੱਝ ਵੀ ਨਹੀਂ ਲੱਗਣਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ। “ਹਾਂ, ਅਸੀਂ ਸ਼ੁਰੂ ਵਿਚ ਇਸ ਬਾਰੇ ਗੱਲ ਕੀਤੀ ਸੀ ਕਿਉਂਕਿ ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਸ ਨੇ ਪਾਰਟੀ ਅਤੇ ਆਪਣੇ ਸਮਰਥਕਾਂ ਨੂੰ ਕਿਵੇਂ ਧੋਖਾ ਦਿੱਤਾ ਹੈ”। ਉਹਨਾਂ ਨੇ ਕਿਹਾ, “ਬਿੱਟੂ ਬਾਕੀ ਉਮੀਦਵਾਰਾਂ ਵਾਂਗ ਹੀ ਹੈ, ਉਹ ਕਿਸੇ ਤੋਂ ਅਲੱਗ ਨਹੀਂ ਹੈ, ਸਗੋਂ ਬਾਕੀਆਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਉਮੀਦਵਾਰ ਹੈ, ਉਹ ਇੱਕ ਲੁੜਕਦਾ ਹੋਇਆ ਪੱਥਰ ਹੈ ਜਿਸਨੂੰ ਕੋਈ ਵੀ ਆਪਣੇ ਕੋਲ ਰੱਖਣਾ ਪਸੰਦ ਨਹੀਂ ਕਰਦਾ।