
ਬ੍ਰਾਹਮਣ ਜਾਤੀ ਵਲੋਂ ਸਿੱਖ ਕੌਮ ਦੀ ਕੀਤੀ ਜਾਂਦੀ ਮਦਦ ਨੂੰ ਬਹਾਲ ਰਖਿਆ ਭਾਈ ਮੇਹਰ ਸਿੰਘ ਨੇ
ਸ੍ਰੀ ਦਰਬਾਰ ਸਾਹਿਬ ਹਮਲੇ 'ਤੇ ਪੂਰਾ ਪ੍ਰਵਾਰ ਸ਼ਹੀਦ ਕਰਵਾਇਆ ਭਾਈ ਮੇਹਰ ਸਿੰਘ ਨੇ
ਰੂਪਨਗਰ, 3 ਜੂਨ (ਕੁਲਵਿੰਦਰ ਭਾਟੀਆ) : ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਵਿਚ ਗੁਰੂ ਘਰ ਦੀ ਸੇਵਾ ਕਰਨ ਵਿਚ ਬ੍ਰਾਹਮਣ ਵੀ ਪਿਛੇ ਨਹੀਂ ਰਹੇ ਅਤੇ ਬ੍ਰਾਹਮਣ ਜਾਤੀ ਵਿਚ ਜਨਮੇ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਸਿੰਘ ਸਜੇ ਭਾਈ ਮੇਹਰ ਸਿੰਘ ਦੀ ਤਰ੍ਹਾਂ ਉਨ੍ਹਾਂ ਦਾ ਨਾਮ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ | ਸ਼ਹੀਦ ਭਾਈ ਮੇਹਰ ਸਿੰਘ ਦਮਦਮੀ ਟਕਸਾਲ ਦੇ ਜਥੇ ਦੇ ਚੜ੍ਹਦੀ ਕਲਾ ਵਾਲੇ ਸਿੰਘ ਸਨ ਜਿਨ੍ਹਾਂ ਦਾ ਜਨਮ ਇਕ ਹਿੰਦੂ ਪ੍ਰਵਾਰ ਵਿਚ ਹੋਇਆ ਸੀ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਚਲਦਾ ਫਿਰਦਾ ਬੰਬ ਬਣ ਗਿਆ ਅਤੇ ਦਰਬਾਰ ਸਾਹਿਬ ਦੀ ਆਨ-ਬਾਨ ਤੇ ਸ਼ਾਨ ਦੀ ਰਖਵਾਲੀ ਕਰਦਾ ਕਰਦਾ ਦਸ਼ਮੇਸ਼ ਪਿਤਾ ਦੀ ਗੋਦ ਵਿਚ ਜਾ ਬੈਠੇ | ਦਸਣਾ ਬਣਦਾ ਹੈ ਕਿ ਭਾਈ ਮੋਹਰ ਸਿੰਘ ਦਾ ਸਾਰਾ ਪ੍ਰਵਾਰ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰਖਦਾ ਹੋਇਆ ਸ਼ਹੀਦ ਹੋਇਆ ਸੀ | ਭਾਈ ਮੇਹਰ ਸਿੰਘ ਦੇ ਨਾਲ-ਨਾਲ ਉਨ੍ਹਾਂ ਦੀ ਸਿੰਘਣੀ ਤੇ ਦੋ ਬੇਟੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਨੇ ਜ਼ਾਲਮ ਹਿੰਦ ਫ਼ੌਜ ਨਾਲ ਲੋਹਾ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ | ਜਦੋਂ ਦਰਬਾਰ ਸਾਹਿਬ ਵਿਚ ਸਿੱਖਾਂ ਅਤੇ ਭਾਰਤੀ ਹਕੂਮਤ ਦੀ ਕੋਈ ਵਾਹ ਨਾ ਚਲੀ ਤ੍ਹਾਂ ਉਨ੍ਹਾਂ ਦਰਬਾਰ ਸਾਹਿਬ ਵਿਚ ਟੈਂਕ ਵਾੜਨ ਦੀ ਵਿਉਂਤ ਬਣਾਈ ਅਤੇ ਪਹਿਲਾ ਟੈਂਕ ਜਦੋਂ ਪਵਿੱਤਰ
ਪ੍ਰਕਰਮਾ ਅੰਦਰ ਦਾਖ਼ਲ ਹੋਇਆ ਤਾਂ ਭਾਈ ਮੋਹਰ ਸਿੰਘ ਨੇ ਆਪੇ ਨਾਲ ਬੰਬ ਬੰਨ੍ਹ ਕੇ ਟੈਂਕ ਉਪਰ ਛਾਲ ਮਾਰ ਦਿਤੀ ਤੇ ਮਜ਼ਬੂਤ ਟੈਂਕ ਦੇ ਪਰਖਚੇ ਉਡਾ ਦਿਤੇ | ਫਿਰ ਜਦੋਂ ਦੂਸਰਾ ਟੈਂਕ ਦਾਖ਼ਲ ਹੋਇਆ ਤੇ ਭਾਈ ਸਾਹਿਬ ਦੀ ਵੱਡੀ ਬੇਟੀ ਨੇ ਅਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸੇ ਤਰ੍ਹਾਂ ਛਾਲ ਮਾਰ ਦਿਤੀ ਤੇ ਟੈਂਕ 50 ਫੁੱਟ ਉੱਚਾ ਉਡਦਾ ਉੱਡਦਾ ਜ਼ਮੀਨ 'ਤੇ ਆ ਡਿੱਗਿਆ ਤੇ ਇਹ ਨਜ਼ਾਰਾ ਵੇਖ ਹਿੰਦ ਫ਼ੌਜੀਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ | ਫਿਰ ਜਦੋਂ ਫ਼ੌਜ ਨੇ ਦੁਬਾਰਾ ਟੈਂਕ ਦਾਖ਼ਲ ਕਰਨ ਦੀ ਕੋਸ਼ਿਸ ਕੀਤੀ ਤੇ ਭਾਈ ਮੋਹਰ ਸਿੰਘ ਦੀ ਦੂਸਰੀ ਬੱਚੀ ਨੇ ਬੰਬ ਬੰਨ੍ਹ ਕੇ ਟੈਂਕ ਦੇ ਉਪਰ ਛਾਲ ਮਾਰ ਦਿਤੀ ਤੇ ਬੰਬ ਦੇ ਧਮਾਕੇ ਨੇ ਟੈਂਕ ਦੇ ਟੋਟੇ ਟੋਟੇ ਕਰ ਦਿਤੇ | ਫਿਰ ਫ਼ੌਜ ਨੇ ਚਾਰ ਟੈਂਕ ਇਕੱਠੇ ਅੰਦਰ ਦਾਖ਼ਲ ਕਰਨ ਦੀ ਵਿਉਂਤ ਬਣਾਈ ਤੇ ਜਦੋਂ ਚਾਰ ਟੈਂਕ ਇਕੱਠੇ ਅੰਦਰ ਆ ਰਹੇ ਸਨ ਤਾਂ ਭਾਈ ਮੋਹਰ ਸਿੰਘ ਦੀ ਸਿੰਘਣੀ ਨੇ ਅਪਣੇ ਲੱਕ ਨਾਲ ਬੰਬ ਬੰਨ੍ਹ ਕੇ ਇਨ੍ਹਾਂ ਨੂੰ ਤਬਾਹ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ | ਪ੍ਰਵਾਰ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ ਇਸ ਪ੍ਰਵਾਰ ਨੂੰ ਤੇ ਭਾਈ ਮੋਹਰ ਸਿੰਘ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਪਿਆਰ ਕਰਿਆ ਕਰਦੇ ਸਨ |
ਫੋਟੋ ਰੋਪੜ-3-13 ਤੋਂ ਪ੍ਰਾਪਤ ਕਰੋ ਜੀ |