
ਗੁਰਦਵਾਰਿਆਂ 'ਤੇ ਫ਼ੌਜੀ ਹਮਲਾ ਕਰਨ ਲਈ ਸ਼ਹੀਦੀ ਪੁਰਬ ਹੀ ਕਿਉਂ ਚੁਣਿਆ?
.
ਬਾਦਲਾਂ ਦੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਤਿੰਨ ਵਾਰ ਬਣੀ ਕਾਂਗਰਸ ਸਰਕਾਰ
ਕੋਟਕਪੂਰਾ, 3 ਜੂਨ (ਗੁਰਿੰਦਰ ਸਿੰਘ) : 3 ਜੂਨ ਦਿਨ ਐਤਵਾਰ 1984 ਨੂੰ ਇਸ ਲਈ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਸ ਦਿਨ ਸਮੇਂ ਦੀ ਹਕੂਮਤ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਪਵਿੱਤਰ ਗੁਰਧਾਮ ਤਹਿਸ-ਨਹਿਸ ਕਰ ਦਿਤੇ, ਅਕਾਲ ਤਖ਼ਤ ਸਾਹਿਬ ਢਹਿ-ਢੇਰੀ, ਅਨੇਕਾਂ ਸਿੱਖ ਨੌਜਵਾਨ-ਬੱਚੇ-ਬਜ਼ੁਰਗ-ਔਰਤਾਂ ਨੂੰ ਗੋਲੀਆਂ ਅਤੇ ਤੋਪਾਂ ਦੇ ਗੋਲਿਆਂ ਨਾਲ ਉਡਾ ਦਿਤਾ | ਭਾਵੇਂ ਬਾਦਲ ਪ੍ਰਵਾਰ ਵਲੋਂ ਇਸ ਘੱਲੂਘਾਰੇ ਦੇ ਨਾਂਅ 'ਤੇ ਲੰਮਾ ਸਮਾਂ ਸਿਆਸੀ ਰੋਟੀਆਂ ਸੇਕ ਕੇ ਸੱਤਾ ਦਾ ਆਨੰਦ ਮਾਣਿਆ ਗਿਆ ਅਤੇ ਹੁਣ ਵੀ ਪੰਥ ਖ਼ਤਰੇ ਵਿਚ ਹੈ, ਦਾ ਰੌਲਾ ਪਾ ਕੇ ਗੁਆਚੀ ਸਾਖ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਉਕਤ ਵਰਤਾਰੇ ਨੂੰ ਕਾਂਗਰਸ ਪਾਰਟੀ ਦੇ ਸਿਰ ਮੜ੍ਹਨ ਅਤੇ ਕਾਂਗਰਸ ਨੂੰ ਸਿੱਖਾਂ ਦਾ ਦੁਸ਼ਮਣ ਗਰਦਾਣਨ ਲਈ ਬਾਦਲ ਪ੍ਰਵਾਰ ਵਲੋਂ ਅੱਡੀਆਂ ਚੁਕ ਕੇ ਕੂਕ-ਕੂਕ ਕੇ ਰੌਲਾ ਪਾਉਣ ਦੇ ਬਾਵਜੂਦ ਪੰਜਾਬ ਵਿਚ ਬਿਨਾਂ ਕਿਸੇ ਹੋਰ ਪਾਰਟੀ ਦਾ ਸਹਾਰਾ ਲੈਣ ਦੇ ਬਾਵਜੂਦ ਕਾਂਗਰਸ ਵਲੋਂ ਅਪਣੇ ਬਲਬੂਤੇ 'ਤੇ ਤਿੰਨ ਵਾਰ ਸਰਕਾਰ ਬਣਾਉਣ ਵਿਚ ਕਾਮਯਾਬੀ ਹਾਸਲ ਕਰਨ ਦੇ ਅਜਿਹੇ ਕਿਹੜੇ ਕਾਰਨ ਹਨ, ਉਨ੍ਹਾਂ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ |
3 ਜੂਨ 1984 ਵਾਲੇ ਦਿਨ ਭਾਵੇਂ ਦੇਸ਼ ਭਰ ਵਿਚ ਰੈੱਡ ਅਲਰਟ ਦਾ ਐਲਾਨ ਕਰਦਿਆਂ ਪੰਜਾਬ ਵਿਚ ਕਰਫ਼ਿਊ ਲਾ ਦਿਤਾ ਗਿਆ ਅਤੇ 3 ਤੋਂ 6 ਜੂਨ ਤਕ ਦਾ ਭਿਆਨਕ ਸਮਾਂ ਜਦੋਂ ਪੰਜਾਬ ਦੇ ਅਨੇਕਾਂ ਇਤਿਹਾਸਕ ਗੁਰਦਵਾਰਿਆਂ ਵਿਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਨਿਹੱਥੀਆਂ ਸੰਗਤਾਂ ਨੂੰ ਜਾਂ ਤਾਂ ਗੋਲੀਆਂ ਨਾਲ ਭੁੰਨ ਦਿਤਾ ਗਿਆ ਤੇ ਜਾਂ ਗਿ੍ਫ਼ਤਾਰ ਕਰ ਕੇ ਬਿਨਾਂ ਕਸੂਰੋਂ ਪੰਜਾਬ ਤੋਂ ਬਾਹਰ ਵਾਲੀਆਂ ਜੇਲਾਂ ਵਿਚ ਡੱਕ ਦੇਣ ਦਾ ਸਿਲਸਿਲਾ ਆਰੰਭਿਆ ਗਿਆ | ਅੱਜ 37 ਸਾਲਾਂ ਬਾਅਦ ਵੀ ਨਾ ਤਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ, ਨਾ ਪੀੜਤਾਂ ਨੂੰ ਇਨਸਾਫ਼ ਮਿਲਿਆ, ਨਾ ਸਾਡੇ ਸ਼ੋ੍ਰਮਣੀ ਕਮੇਟੀ ਦੇ ਲੁੱਟੇ ਗਏ ਇਤਿਹਾਸਕ ਸਰੋਤ ਵਾਪਸ ਕੀਤੇ ਗਏ, ਨਾ ਬਰਨਾਲਾ ਜਾਂ ਬਾਦਲ ਸਰਕਾਰਾਂ ਨੇ ਸਿੱਖ ਸੰਗਤਾਂ ਨੂੰ ਇਹ ਦਸਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਗੁਰਦਵਾਰਿਆਂ 'ਤੇ ਹਮਲਾ ਕਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਵਾਲਾ ਦਿਹਾੜਾ ਹੀ ਕਿਉਂ ਚੁਣਿਆ ਗਿਆ?
ਬਲਿਊ ਸਟਾਰ, ਨੀਲਾ ਤਾਰਾ, ਘੱਲੂਘਾਰਾ ਜਾਂ ਨਿੰਦਣਯੋਗ ਸਾਕਾ ਵਰਗੇ ਵੱਖੋ ਵਖਰੇ ਨਾਮ ਦੇ ਕੇ ਦੇਸ਼-ਵਿਦੇਸ਼ ਦੇ ਮੀਡੀਏ ਨੇ ਸਿੱਖਾਂ ਦੇ ਦਰਦ ਨੂੰ ਆਪੋ ਅਪਣੇ ਢੰਗ ਨਾਲ ਪੇਸ਼ ਕੀਤਾ | ਅਕਾਲੀ-ਭਾਜਪਾ ਗਠਜੋੜ ਦੀ ਕੇਂਦਰ ਅਤੇ ਪੰਜਾਬ ਵਿਚ ਸਰਕਾਰ ਹੋਣ ਦੇ ਬਾਵਜੂਦ ਵੀ ਸੀਨੀਅਰ
ਭਾਜਪਾ ਆਗੂ ਲਾਲ ਕਿ੍ਸ਼ਨ ਅਡਵਾਨੀ ਅਪਣੀ ਸਵੈ-ਜੀਵਨੀ 'ਮੇਰਾ ਦੇਸ਼ ਮੇਰੀ ਜ਼ਿੰਦਗੀ' (ਮਾਈ ਕੰਟਰੀ-ਮਾਈ ਲਾਈਫ਼) ਵਿਚ ਖ਼ੁਦ ਪ੍ਰਵਾਨ ਕਰ ਰਿਹਾ ਹੈ ਕਿ ਭਾਜਪਾ ਦੇ ਜ਼ੋਰ ਪਾਉਣ 'ਤੇ ਹੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਕਿਉਂਕਿ ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਚਿੱਤੀ ਵਿਚ ਸੀ ਪਰ ਭਾਜਪਾ ਨੇ ਹਰਿਮੰਦਰ ਸਾਹਿਬ 'ਚੋਂ ਦੇਸ਼ਧੋ੍ਰਹੀਆਂ ਨੂੰ ਬਾਹਰ ਕੱਢਣ ਲਈ ਬਕਾਇਦਾ ਧਰਨਾ ਵੀ ਦਿਤਾ ਅਤੇ ਮੈਂ ਖ਼ੁਦ ਪਾਰਲੀਮੈਂਟ ਵਿਚ ਇੰਦਰਾ ਗਾਂਧੀ ਨੂੰ ਮਜ਼ਬੂਰ ਕੀਤਾ ਕਿ ਉਹ ਦਰਬਾਰ ਸਾਹਿਬ ਵਿਚ ਜਲਦ ਫ਼ੌਜ ਭੇਜੇ | ਅਡਵਾਨੀ ਦੀਆਂ ਖਾੜਕੂਆਂ, ਗੁਰਦਵਾਰਿਆਂ ਅਤੇ ਭਿੰਡਰਾਂਵਾਲਿਆਂ ਬਾਰੇ ਨਿੰਦਣਯੋਗ ਟਿਪਣੀਆਂ ਅਤੇ ਕੇ.ਪੀ.ਐਸ. ਗਿੱਲ ਨੂੰ ਹੀਰੋ ਲਿਖ ਕੇ ਸਿੱਖਾਂ ਨੂੰ ਚਿੜਾਉਣ ਵਾਲੀਆਂ ਅਨੇਕਾਂ ਉਦਾਹਰਣਾਂ ਦੇ ਬਾਵਜੂਦ ਵੀ ਬਾਦਲਾਂ ਦੀ ਭਾਜਪਾ ਨਾਲ ਸਾਂਝ ਜਾਰੀ ਰਹੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਮੰਨਿਆ ਸੀ ਕਿ ਉਸ ਦੀ ਐਲ.ਕੇ. ਅਡਵਾਨੀ ਨਾਲ ਨਿਜੀ ਦੋਸਤੀ ਵੀ ਹੈ |
ਅੱਜ ਪੰਥ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਮੱਸਿਆਵਾਂ ਦੇ ਹੱਲ, ਪੰਥਕ ਖੇਤਰ ਵਿਚ ਘੁਸੇੜ ਦਿਤੀਆਂ ਗਈਆਂ ਗ਼ਲਤ ਰਹੁਰੀਤਾਂ, ਪੰਥਕ ਵਿਦਵਾਨਾਂ ਵਿਰੁਧ ਕਿੜ ਕੱਢਣ ਲਈ ਜਾਰੀ ਕੀਤੇ ਗਏ ਗ਼ਲਤ ਹੁਕਮਨਾਮੇ ਵਰਗੀਆਂ ਗ਼ਲਤੀਆਂ ਸੁਧਾਰਣ ਦੀ ਬਜਾਇ ਅਕਾਲ ਤਖ਼ਤ ਦੇ ਜਥੇਦਾਰ ਵਲੋਂ 37 ਸਾਲ ਬਾਅਦ ਆਦੇਸ਼ ਜਾਰੀ ਕਰਨਾ ਕਿ ਜੂਨ 1984 ਦੇ ਘੱਲੂਘਾਰੇ ਤੋਂ ਪੀੜਤ ਵਿਅਕਤੀ ਆਪੋ-ਅਪਣੇ ਵੀਡੀਉ ਕਲਿੱਪ ਬਣਾ ਕੇ ਅਕਾਲ ਤਖ਼ਤ 'ਤੇ ਭੇਜਣ ਅਤੇ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਜੂਨ 1984 ਦੇ ਘੱਲੂਮਾਰੇ ਦੌਰਾਨ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਗਤ ਦੇ ਸਨਮੁੱਖ ਕਰਨ ਵਰਗੀਆਂ ਗੱਲਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਾਦਲ ਪ੍ਰਵਾਰ ਹੁਣ ਡੇਰਾ ਪੇ੍ਰਮੀਆਂ ਵਲੋਂ ਬਰਗਾੜੀ ਦੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀ ਗੱਲ ਪ੍ਰਵਾਨ ਕਰ ਲੈਣ ਵਾਲੇ ਮਾਮਲੇ ਤੋਂ ਸੰਗਤ ਦਾ ਧਿਆਨ ਹਟਾਉਂਦਾ ਹੋਵੇ ਕਿਉਂਕਿ ਬਾਦਲ ਪ੍ਰਵਾਰ ਜੂਨ 84 ਅਤੇ ਨਵੰਬਰ 84 ਦੇ ਘਟਨਾਕ੍ਰਮ ਨੂੰ ਲੈ ਕੇ ਲੰਮਾ ਸਮਾਂ ਰਾਜਨੀਤੀ ਕਰਦਾ ਰਿਹਾ | ਅਰਥਾਤ ਖ਼ੂਬ ਸਿਆਸੀ ਰੋਟੀਆਂ ਸੇਕੀਆਂ ਗਈਆਂ ਪਰ ਹੁਣ ਪਾਵਨ ਸਰੂਪ ਚੋਰੀ ਹੋਣ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੀਆਂ ਡੇਰਾ ਪੇ੍ਰਮੀਆਂ ਦੇ ਨਾਮ ਲੱਗਦੀਆਂ ਘਟਨਾਵਾਂ ਦੇ ਐਸਆਈਟੀ ਵਲੋਂ ਪ੍ਰਗਟਾਵੇ ਕਰਨ ਦੇ ਬਾਵਜੂਦ ਬਾਦਲ ਪ੍ਰਵਾਰ ਦੀ ਚੁੱਪੀ ਹੈਰਾਨੀਜਨਕ ਹੈ |